Indian Navy: ਪੰਜਾਬ ਦੇ ਦੋ ਨੌਜਵਾਨ ਭਾਰਤੀ ਜਲ ਸੈਨਾ ਵਿੱਚ ਬਣੇ ਅਫ਼ਸਰ, ਮਹਾਰਾਜਾ ਰਣਜੀਤ ਸਿੰਘ AFPI ਦੇ ਕੈਡਿਟਾਂ ਦੀ ਗਿਣਤੀ 200 ਪੁੱਜੀ
ਮੁਹਾਲੀ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRS AFPI), ਮੁਹਾਲੀ ਦੇ ਦੋ ਸਾਬਕਾ ਕੈਡਿਟ ਅਨੁਤਾਜ ਸਿੰਘ ਅਤੇ ਅਕਸ਼ਾਂਸ਼ ਅਗਰਵਾਲ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਇਹ ਨਿਯੁਕਤੀ ਕੇਰਲ ਦੇ ਏਝੀਮਾਲਾ ਸਥਿਤ ਇੰਡੀਅਨ ਨੇਵਲ ਅਕੈਡਮੀ ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਕੀਤੀ ਗਈ। ਇਸ ਪਰੇਡ ਦਾ ਨਿਰੀਖਣ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ।
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਨੁਤਾਜ ਸਿੰਘ ਦੇ ਮਾਤਾ-ਪਿਤਾ ਅਧਿਆਪਕ ਹਨ। ਉਨ੍ਹਾਂ ਦੀ ਮਾਤਾ ਸਰਕਾਰੀ ਹਾਈ ਸਕੂਲ, ਮਾੜੀ ਟਾਂਡਾ ਵਿਖੇ ਸੇਵਾਵਾਂ ਨਿਭਾਅ ਰਹੇ ਹਨ, ਜਦਕਿ ਉਨ੍ਹਾਂ ਦੇ ਪਿਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੌਸ਼ਹਿਰਾ ਮਾਝਾ ਸਿੰਘ ਵਿਖੇ ਤਾਇਨਾਤ ਹਨ। ਦੂਜੇ ਪਾਸੇ, ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਅਕਸ਼ਾਂਸ਼ ਅਗਰਵਾਲ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਅਮਨ ਅਰੋੜਾ ਨੇ ਨਵ-ਨਿਯੁਕਤ ਅਫ਼ਸਰਾਂ ਨੂੰ ਦਿੱਤੀ ਵਧਾਈ
ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਦਰਸਾਉਂਦੀ ਹੈ ਕਿ ਇਹ ਸੰਸਥਾ ਹਰ ਪਿਛੋਕੜ ਵਾਲੇ ਯੋਗ ਨੌਜਵਾਨਾਂ ਨੂੰ ਬਰਾਬਰ ਮੌਕੇ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਸਮਰਪਣ, ਜਜ਼ਬੇ ਅਤੇ ਪੇਸ਼ੇਵਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, "ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ।"
ਅਮਨ ਅਰੋੜਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ AFPI ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਕੇ ਪੰਜਾਬ ਦੀ ਸ਼ਾਨਦਾਰ ਫੌਜੀ ਵਿਰਾਸਤ ਵਿੱਚ ਨਵਾਂ ਅਧਿਆਏ ਜੋੜ ਰਿਹਾ ਹੈ।
ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਨ ਵਾਲੇ ਕੈਡਿਟਾਂ ਦੀ ਗਿਣਤੀ 200 ਹੋਈ
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐੱਸਐੱਮ (ਸੇਵਾਮੁਕਤ) ਨੇ ਵੀ ਦੋਵਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਨਾਲ ਸੰਸਥਾ ਤੋਂ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਵਾਲੇ ਕੈਡਿਟਾਂ ਦੀ ਕੁੱਲ ਗਿਣਤੀ 200 ਹੋ ਗਈ ਹੈ। ਇਨ੍ਹਾਂ ਵਿੱਚੋਂ 26 ਕੈਡਿਟ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਕਿਹਾ, "ਇਹ ਪੰਜਾਬ ਦੇ ਲੋਕਾਂ ਦੀ ਬਹਾਦਰੀ ਦਾ ਸਬੂਤ ਹੈ।"
ਡਾਇਰੈਕਟਰ ਨੇ ਦੱਸਿਆ ਕਿ MRS AFPI ਹੁਣ NDA ਅਤੇ ਤਕਨੀਕੀ ਸੇਵਾਵਾਂ ਵਿੱਚ ਦਾਖਲੇ ਦੀ ਤਿਆਰੀ ਦੇ ਨਾਲ-ਨਾਲ ਆਪਣੇ ਕੈਡਿਟਾਂ ਨੂੰ ਭਾਰਤੀ ਜਲ ਸੈਨਾ ਦੀ '10+2 ਕੈਡਿਟ ਐਂਟਰੀ' ਲਈ ਵੀ ਤਿਆਰ ਕਰਨ 'ਤੇ ਜ਼ੋਰ ਦੇ ਰਿਹਾ ਹੈ।
17ਵੇਂ ਕੋਰਸ ਲਈ ਦਾਖਲੇ ਸ਼ੁਰੂ
ਮੇਜਰ ਜਨਰਲ ਅਜੈ ਐੱਚ. ਚੌਹਾਨ ਨੇ ਐਲਾਨ ਕੀਤਾ ਕਿ ਸੰਸਥਾ ਦੇ 17ਵੇਂ ਕੋਰਸ ਲਈ ਦਾਖਲੇ ਸ਼ੁਰੂ ਹੋ ਗਏ ਹਨ। NDA ਵਿੱਚ ਸ਼ਾਮਲ ਹੋਣ ਦੇ ਚਾਹਵਾਨ 10ਵੀਂ ਜਮਾਤ ਦੇ ਵਿਦਿਆਰਥੀ 15 ਦਸੰਬਰ, 2026 ਤੱਕ https://recruitment-portal.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਦਾਖਲਾ ਪ੍ਰੀਖਿਆ 3 ਜਨਵਰੀ, 2027 ਨੂੰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਨ ਲਈ ਪੰਜਾਬ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਨਾਲ ਮਦਦ ਕਰਨਾ ਜਾਰੀ ਰੱਖੇਗੀ।