ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ - ਵਿਆਖਿਆ ਅਤੇ ਆਤਮਿਕ ਗਿਆਨ ਦੀ ਸਮਝ
- ਗੁਰਮਤਿ ਗਿਆਨ
- 28 Feb,2025
ਗੁਰਬਾਣੀ ਅਰਥਾਂ ਵਿੱਚ ਵਿਕਾਸ ਹੁੰਦਾ ਆਇਆ ਹੈ। ਗੁਰਬਾਣੀ ਕਵਿਤਾ ਅਤੇ ਵਾਰਤਿਕ ਦੋ ਮਾਧਿਅਮ ਵਿੱਚ ਲਿਖੀ ਗਈ ਹੈ। ਮੰਗਲਾ ਚਰਨ, ਰਾਗਾਂ ਦੇ ਨਾਂ ਤੇ ਸਾਰੇ ਸਿਰਲੇਖ ਵਾਰਤਿਕ ਵਿੱਚ ਆਉਂਦੇ ਹਨ ਜਦ ਕਿ ਬਾਕੀ ਸਾਰੀ ਗੁਰਬਾਣੀ ਕਵਿਤਾ ਵਿੱਚ ਉਚਾਰਣ ਕੀਤੀ ਹੋਈ ਹੈ। ਕਵਿਤਾ ਨੂੰ ਸਮਝਣ ਲਈ ਤਿੰਨ ਮਾਧਿਆਮ ਵਰਤੇ ਜਾਂਦੇ ਹਨ। ਪਹਿਲਾ ਸ਼ਬਦ ਦਾ ਸਾਰ ਕੀ ਹੈ? ਦੂਜਾ ਕੇਂਦਰੀ ਭਾਵ ਕੀ ਹੈ ਤੇ ਤੀਜਾ ਸ਼ਬਦ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ?
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀਆਂ ਮਾਨਸਿਕ ਕੰਮਜ਼ੋਰੀਆਂ ਨੂੰ ਸਾਹਮਣੇ ਰੱਖ ਕੇ ਸਚਿਆਰ ਮਨੁੱਖ ਬਣਨ ਦਾ ਪੈਗ਼ਾਮ ਦਿੱਤਾ ਹੈ। ਸਮੁੱਚੇ ਸਮਾਜ ਦੀਆਂ ਕੰਮਜ਼ੋਰ ਹੋ ਚੁੱਕੀਆਂ ਕੜੀਆਂ ਨੂੰ ਬਹੁਤ ਹੀ ਬਰੀਕ ਦ੍ਰਿਸ਼ਟੀ ਨਾਲ ਵੇਖਿਆ। ਉਹਨਾਂ ਨੇ ਇਹ ਵੀ ਦੇਖਿਆ ਕਿ ਸਮਾਜ ਵਿੱਚ ਹੋਰ ਵੀ ਬਹੁਤ ਸਾਰੇ ਡੂੰਘੀ ਚੇਨਤਤਾ ਵਾਲੇ ਲੋਕ ਬੈਠੇ ਹਨ ਜਿਹੜੇ ਸਮੇਂ ਸਮੇਂ ਹਾਕਮ ਸ਼੍ਰੇਣੀ ਤੇ ਧਰਮ ਦੇ ਨਾਂ `ਤੇ ਅੰਧੇਰਾ ਢੋਣ ਵਿਰੁੱਧ ਅਵਾਜ਼ ਉਠਾਉਂਦੇ ਆ ਰਹੇ ਹਨ। ਗੁਰੂ ਸਾਹਿਬ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਗਿਆ। ਰਾਜਿਆਂ ਨੂੰ ਸ਼ੀਹਾਂ ਨਾਲ ਤੁਲਨਾ ਦੇਣੀ ਤੇ ਉਹਨਾਂ ਦੇ ਅਗਾਂਹ ਕਰਿੰਦਿਆਂ ਨੂੰ ਨੁੰਹਦਰਾਂ ਵਾਲੇ ਕੁੱਤਿਆਂ ਦੀ ਤਸ਼ਬੀਹ ਦੇ ਕੇ ਮਨੁੱਖਤਾ ਨੂੰ ਜਾਗਰੁਕ ਕੀਤਾ--
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਸਲੋਕ ਮ: ੧ ਪੰਨਾ ੧੨੮੮
ਗੁਰੂ ਸਾਹਿਬ ਜੀ ਨੇ ਸਚਿਆਰ ਮਨੁੱਖਤਾ ਤੇ ਹਲੇਮੀ ਰਾਜ ਵਾਲੇ ਸਮਾਜ ਦੀ ਸਿਰਜਣਾ ਕਰਨ ਦੇ ਸੰਕਲਪ ਨੂੰ ਦ੍ਰਿੜ ਕਰਾਇਆ ਹੈ।
ਪਰ ਸਮਾਜ ਨੂੰ ਸੇਧ ਦੇਣ ਵਾਲੀਆਂ ਸਾਰਿਆਂ ਧਰਮਾਂ ਦੀਆਂ ਇਕਾਈਆਂ ਭ੍ਰਿਸ਼ਿਟ ਹੋ ਚੁਕੀਆਂ ਸਨ—
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨॥
ਧਨਾਸਰੀ ਮਹਲ੧ ੧ ਪੰਨਾ ੬੬੨
ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਅਧੋਗਤੀ ਦਾ ਮੂਲ ਕਾਰਨ ਅਗਿਆਨਤਾ ਦੱਸਿਆ ਹੈ—
ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥ ੨੨॥
ਸ਼ਲੋਕ ਮ: ੧ ਪੰਨਾ ੧੪੧੨
ਮਨੁੱਖੀ ਜੀਵਨ ਨੇ ਪੜਾਅ ਵਾਰ ਤਰੱਕੀ ਕੀਤੀ ਹੈ। ਸਿਆਣੇ ਮਨੁੱਖਾਂ ਨੇ ਆਪਣੇ ਸਮਾਜ ਨੂੰ ਸਮੇਂ ਸਮੇਂ ਸੇਧ ਦੇਣ ਲਈ ਅਜੇਹੀਆਂ ਕਥਾ ਕਹਾਣੀਆਂ ਸੁਣਾਉਣੀਆਂ ਲਿਖਣੀਆਂ ਸ਼ੂਰੂ ਕੀਤੀਆਂ ਜਿਸ ਨਾਲ ਮਨੁੱਖਤਾ ਦਾ ਭਲਾ ਹੁੰਦਾ ਰਹੇ। ਅਜੇਹੀਆਂ ਕਥਾ ਕਹਾਣੀਆਂ ਦਾ ਪਲਾਟ ਤੇ ਵਿਸ਼ਾ ਵਸਤੂ ਮਿੱਥ, ਦੰਦ ਕਥਾ ਅਤੇ ਲੋਕ ਕਹਾਣੀਆਂ ਦੇ ਅਧਾਰਤ ਹੁੰਦਾ ਹੈ। ਕਈ ਵਾਰੀ ਇਹਨਾਂ ਤਿੰਨਾਂ ਦਾ ਪਲਾਟ ਸਾਂਝਾ ਵੀ ਹੁੰਦਾ ਹੈ ਪਰ ਬੁਨਿਆਦੀ ਅੰਤਰ ਇਹਨਾਂ ਦੀ ਪ੍ਰਕਿਰਤੀ ਵਿੱਚ ਹੁੰਦਾ ਹੈ। ਮਿੱਥ ਵਿਸ਼ਵਾਸ ਤੇ ਖੜੀ ਹੁੰਦੀ ਹੈ ਜਿਸ ਵਿੱਚ ਮਨੋਕਲਪਤ ਦੇਵੀ ਦੇਵਤਿਆਂ ਨੂੰ ਜੋੜਿਆ ਹੁੰਦਾ ਹੈ। ਪੁਰਾਣਕ ਮਿੱਥਾਂ ਨੂੰ ਏਨੀ ਵਾਰੀ ਸੁਣਾਇਆ ਜਾਂਦਾ ਰਿਹਾ ਹੈ ਕਿ ਜਿਸ ਨਾਲ ਸੁਣਨ ਵਾਲਾ ਅਸਲ ਇਤਿਹਾਸ ਹੀ ਸਮਝਣ ਲੱਗ ਜਾਂਦਾ ਹੈ। ਮਿੱਥ ਘੜਨ ਵਿੱਚ ਬਹੁਤ ਵਾਰੀ ਕਰਾਮਾਤੀ ਤੱਥ ਭਾਰੀ ਹੋ ਜਾਂਦਾ ਹੈ ਜਿਸ ਕਰਕੇ ਅੰਧਵਿਸ਼ਵਾਸ ਸੁਤੇ ਸਿੱਧ ਪੈਦਾ ਹੋ ਜਾਂਦਾ ਹੈ। ਦੂਸਰਾ ਦੰਦ ਕਥਾ ਹੁੰਦੀ ਹੈ ਜੋ ਨਿਰੋਲ ਇਤਿਹਾਸ `ਤੇ ਖੜੀ ਹੁੰਦੀ ਹੈ। ਦੰਦ ਕਥਾ ਵਿਚੋਂ ਵੀ ਇਤਿਹਾਸ ਦੀ ਅਸਲੀਅਤ ਲੱਭਣੀ ਪੈਂਦੀ ਹੈ ਕਿਉਂਕਿ ਸੀਨਾ-ਬ-ਸੀਨਾ ਤੁਰੀ ਆਉਂਦੀ ਦੰਦ ਕਥਾ ਵਿੱਚ ਆਮ ਹੀ ਮਿਲਾਵਟ ਹੋ ਜਾਂਦੀ ਹੈ। ਇਤਿਹਾਸ ਦੀ ਘਟਨਾ ਨੂੰ ਵਿਦਵਾਨ ਆਪਣੇ ਤਜਰਬੇ ਦੇ ਅਧਾਰਤ ਲਿਖਦਾ ਹੈ।
ਤੀਜਾ ਨਿਰੋਲ ਲੋਕ ਕਹਾਣੀਆਂ ਹੁੰਦੀਆਂ ਹਨ ਜਿਹਨਾਂ ਦਾ ਵਿਸ਼ਾ ਵਸਤੂ ਪਸ਼ੂ ਪੰਛੀਆਂ ਦਾ ਲਿਆ ਹੁੰਦਾ ਹੈ ਪਰ ਇਹਨਾਂ ਵਿੱਚ ਕੋਈ ਨਾ ਕੋਈ ਸਿੱਖਿਆ ਦਾਇਕ ਗੱਲ ਹੁੰਦੀ ਹੈ। ਮਨੋ ਕਲਪਤ ਕਹਾਣੀਆਂ ਨੂੰ ਵੀ ਲੋਕ ਬੜੀ ਸ਼ਿਦਤ ਨਾਲ ਸੁਣਦੇ ਆ ਰਹੇ ਹਨ। ਰਾਤ ਨੂੰ ਬਾਤਾਂ ਮਨੋ ਕਲਪਿਤ ਹੀ ਸੁਣਾਈਆਂ ਜਾਂਦੀਆਂ ਸਨ। ਛੋਟਿਆਂ ਬੱਚਿਆਂ ਨੂੰ ਸਮਝਾਉਣ ਲਈ ਪਿਆਸ ਕਾਂ, ਲਾਲਚੀ ਕੁੱਤਾ ਤੇ ਭੁੱਖੀ ਲੂੰਬੜੀ ਵਰਗੀਆਂ ਕਹਾਣੀਆਂ ਅੱਜ ਵੀ ਲਿਖਾਈਆਂ ਪੜ੍ਹਾਈਆਂ ਜਾਂਦੀਆਂ ਹਨ।
ਗਹੁ ਕਰਕੇ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰਾ ਨੂੰ ਲੋਕ ਬੋਲੀ ਤੇ ਲੋਕਧਾਰਾ ਵਿੱਚ ਪੇਸ਼ ਕੀਤਾ ਹੈ। ਜਿਸ ਤਰ੍ਹਾਂ ਅੱਕ, ਬਬੀਹਾ, ਮੋਰ, ਕੋਇਲ, ਅੰਬ, ਬਾਰ, ਧਰਮਰਾਜ, ਖਖੜੀ, ਜੰਗਲ, ਕੋਹਲੂ, ਅੰਨਗਾਹ, ਜਨੇਊ, ਕਪਾਹ, ਨਿਮਾਜ਼, ਜੋਗੀ, ਮੁੰਦਰਾਂ, ਤਿਲ਼, ਚੱਕੀ, ਮਧਾਣੀਆਂ, ਲਾਟੂ ਲੁਹਾਰ, ਕੋਇਲਾ, ਅਹਿਰਣ ਆਦਿ ਪ੍ਰਚੱਲਤ ਲੋਕ ਸ਼ਬਦਾਵਲੀ ਵਰਤੀ ਹੈ ਤਾਂ ਕਿ ਅਵਾਮ ਨੂੰ ਸਚਿਆਰ ਮਨੁੱਖ ਬਣਨ ਦੀ ਸੌਖੇ ਢੰਗ ਨਾਲ ਸਮਝ ਆ ਸਕੇ।
ਗੁਰਬਾਣੀ ਵਿੱਚ ਵੱਖ ਵੱਖ ਉਦਾਹਰਣਾਂ ਦੇ ਕੇ ਮਨੁੱਖ ਨੂੰ ਆਪਣਾ ਸੁਭਾਅ ਬਦਲਣ ਲਈ ਕਹਿਆ ਗਿਆ ਹੈ। ਗੁਰਬਾਣੀ ਕਾਵਕ ਰੂਪ ਵਿੱਚ ਹੋਣ ਕਰਕੇ ਮਿੱਥਾਂ, ਪਸ਼ੂਆਂ, ਪੰਛੀਆਂ, ਦਰੱਖਤਾਂ, ਜੋਗੀਆਂ, ਧਰਤ, ਅਕਾਸ਼, ਧਰਮਰਾਜ, ਭੂਤ-ਪ੍ਰੇਤ ਦੀਆਂ ਤਸ਼ਬੀਹਾਂ ਤੇ ਅੰਲਕਾਰ ਵਰਤ ਕੇ ਮਨੁੱਖ ਨੂੰ ਆਪਣੇ ਫ਼ਰਜ਼ਾਂ ਦੀ ਪਹਿਚਾਨ ਕਰਨ ਵਾਸਤੇ ਕਹਿਆ ਹੈ। ਗੁਰਬਾਣੀ ਦਾ ਸਾਰਾ ਵਿਸ਼ਾ ਵਸਤੂ ਸਚਿਆਰ ਮਨੁੱਖ ਬਣਨ ਦਾ ਹੈ ਜੋ ਨਿਰੰਕਾਰ ਦੀ ਬੰਦਗੀ ਵਿਚੋਂ ਮਿਲਣਾ ਹੈ। ਨਿੰਰਕਾਰ ਦੀ ਬੰਦਗੀ ਦਾ ਭਾਵ ਦੈਵੀ ਗੁਣਾਂ ਦਾ ਧਾਰਨੀ ਹੋਣ ਤੋਂ ਹੈ ਤੇ ਨਿਰਮਲ ਕਰਮ ਨਿੰਰਕਾਰ ਦੀ ਬੰਦਗੀ ਨੂੰ ਸਾਕਾਰ ਕਰਦੇ ਹਨ—
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਗਉੜੀ ਸੁਖਮਨੀ ਮਹਲਾ ੫ ਪੰਨਾ ੨੬੬
ਨਿਰਮਲ ਕਰਮ ਹੀ ਰੱਬ ਦੀ ਬੰਦਗੀ ਹੈ। ਭਾਰਤੀ ਸਭਿਆਚਾਰ ਵਿੱਚ ਰੱਬ ਨੂੰ ਪ੍ਰਗਟ ਰੂਪ ਵਿੱਚ ਨਿਰੂਪਣ ਕੀਤਾ ਜਾਂਦਾ ਹੈ ਤੇ ਇਹ ਪ੍ਰਭਾਵ ਅਸੀਂ ਵੀ ਕਬੂਲ ਕਰੀ ਬੈਠੈ ਹਾਂ। ਮੈਨੂੰ ਅੱਜ ਵੀ ਯਾਦ ਹੈ ਅੱਜ ਤੋਂ ੬੦ ਸਾਲ ਪਿੱਛੇ ਜਾਈਏ ਤਾਂ ਗੁਰਦੁਆਰੇ ਵਿੱਚ ਇਹ ਧਾਰਨਾ ਆਮ ਪੜ੍ਹੀ ਜਾਂਦੀ ਸੀ “ਕੀੜੀ ਨਾ ਬਣਦੋਂ ਰਾਮਾ ਤਾਂ ਪ੍ਰਹਿਲਾਦ ਡੋਲ ਜਾਂਦਾ”। ਆਮ ਲੋਕਾਂ ਨੂੰ ਇਹ ਵੀ ਸੁਣਾਇਆ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਨੇ ਬਹੱਤਰ ਵਾਰ ਰੱਬ ਦੇ ਦਰਸ਼ਨ ਕੀਤੇ। ਸਾਡੀ ਘਾੜਤ ਹੀ ਏਦਾਂ ਦੀ ਘੜੀ ਗਈ ਹੈ ਕਿ ਰੱਬ ਜੀ ਖਾਸ ਸਮਿਆਂ `ਤੇ ਪ੍ਰਗਟ ਹੋ ਕੇ ਮਨੁੱਖਾਂ ਦੀ ਬੇੜੀ ਪਾਰ ਲਗਾਉਂਦੇ ਹਨ।
ਜਿਸ ਸ਼ਬਦ ਦੀ ਵਿਚਾਰ ਕੀਤੀ ਜਾ ਰਹੀ ਹੈ ਉਸ ਦੇ ਰਾਹਉ ਵਾਲੀ ਤਕ ਦਾ ਸਿਰਲੇਖ ਦੇ ਕੇ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ---
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ ਦੂਜੈ ਭਾਇ ਫਾਥੇ ਜਮ ਜਾਲਾ॥
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ॥ ੧॥
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ॥ ਸਾਸਨਾ ਤੇ ਬਾਲਕੁ ਗਮੁ ਨ ਕਰੈ॥ ੧॥ ਰਹਾਉ॥
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ॥ ਪੁਤ੍ਰ ਰਾਮਨਾਮੁ ਛੋਡਹੁ ਜੀਉ ਲੇਹੁ ਉਬਾਰੇ॥
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥ ਰਾਮਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ ੨॥
ਸੰਡਾ ਮਰਕਾ ਸਭਿ ਜਾਇ ਪੁਕਾਰੇ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ॥
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥ ਪ੍ਰਹਿਲਾਦ ਕਾ ਰਾਖਾ ਹੋਇ ਰਘੁਰਾਇਆ॥ ੩॥
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਿਲਾਦੁ ਲੀਆ ਉਬਾਰਿ॥ ੪॥
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ॥ ਪ੍ਰਹਿਲਾਦ ਜਨ ਕੇ ਇਕੀਹ ਕੁਲ ਉਧਾਰੇ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ॥ ੫॥
ਭੈਰਉ ਮਹਲਾ ੩ ਪੰਨਾ ੧੧੩੩
ਅੱਖਰੀਂ ਅਰਥ--—ਹੇ ਭਾਈ! (ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ। ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ। ੧। ਰਹਾਉ।
ਹੇ ਭਾਈ! (ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ—) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ। ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿੱਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ। ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ। ੧।
ਹੇ ਭਾਈ! (ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ—ਹੇ ਪਿਆਰੇ ਪ੍ਰਹਿਲਾਦ! ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ। (ਅੱਗੋਂ) ਪ੍ਰਹਿਲਾਦ ਆਖਦਾ ਹੈ—ਹੇ ਮੇਰੀ ਮਾਂ! ਸੁਣ, ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ। ੨।
ਹੇ ਭਾਈ! ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ—ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ। ਹੇ ਭਾਈ! (ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ। ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ। ੩।
ਹੇ ਭਾਈ! (ਹਰਨਾਖਸ਼) ਹੱਥ ਵਿੱਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ (ਅਤੇ ਕਹਿਣ ਲੱਗਾ—ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ? (ਇਹ ਆਖਣ ਦੀ ਢਿੱਲ ਸੀ ਕਿ ਝੱਟ) ਇੱਕ ਖਿਨ ਵਿੱਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ। (ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ। ੪।
ਹੇ ਭਾਈ! ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ (ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ। ਹੇ ਨਾਨਕ! ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ, ਤੇ, ਹਰਿ-ਨਾਮ ਵਿੱਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ੫।
ਵਿਚਾਰ ਚਰਚਾ---
ਉਪਰੋਕਤ ਸ਼ਬਦ ਦੇ ਅੱਖਰੀਂ ਹੂ-ਬ-ਹੂ ਪੜ੍ਹ ਲਏ ਹਨ ਹੁਣ ਇਹ ਦੇਖਣਾ ਹੈ ਕਿ ਸਾਨੂੰ ਇਸ ਸ਼ਬਦ ਵਿਚੋਂ ਸਿੱਖਿਆ ਕੀ ਮਿਲਦੀ ਹੈ? ਦੂਸਰਾ ਕੀ ਰੱਬ ਵਾਕਿਆ ਹੀ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ ਹੈ?
ਪ੍ਰਿੰਸੀਪਲ ਤੇਜਾ ਸਿੰਘ ਦੀ ਸਾਰੀ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰਬਾਣੀ ਸ਼ਬਾਦਰਥ ਤਿਆਰ ਕੀਤਾ ਹੈ। ਸ਼ਬਦਾਰਥ ਦੀ ਪਹਿਲੀ ਪੋਥੀ ਦੇ ਪਹਿਲੇ ਪੰਨਿਆਂ `ਤੇ ਸੰਖੇਪ ਵਿਆਕਰਣ ਦੇ ਸਰਲ ਤਰੀਕੇ ਨਾਲ ਨਿਯਮ ਸਮਝਾਏ ਹਨ। ਇਸ ਉਪਰੰਤ ਗੁਰਬਾਣੀ ਦੇ ਅਰਥ ਬੋਧ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਹੁਰਾਂ ਦਾ ਬਹੁਤ ਵੱਡਾ ਕਰਮ ਤੇ ਸਿਰੜ ਰਿਹਾ ਹੈ। ਨਿਰਸੰਦੇਹ ਜਦੋਂ ਉਹਨਾਂ ਦਾ ਸਾਰਾ ਟੀਕਾ ਪੜ੍ਹਾਂਗੇ ਤਾਂ ਬਹੁਤ ਸਾਰੀਆਂ ਘੁੰਡੀਆਂ ਉਹਨਾਂ ਨੇ ਫੁੱਟ ਨੋਟਾਂ ਵਿਚੋਂ ਵਿਸਥਾਰ ਪੂਰਵਕ ਪੜ੍ਹੀਆਂ ਜਾ ਸਕਦੀਆਂ ਹਨ। ਨੈੱਟ `ਤੇ ਜਿਹੜੇ ਟੀਕੇ ਮਿਲਦੇ ਹਨ ਉਹਨਾਂ ਕਈ ਟੀਕਿਆਂ ਵਿੱਚ ਫੁੱਟ ਨੋਟ ਨਹੀਂ ਦਿੱਤੇ ਹਨ ਇਹ ਬਹੁਤ ਵੱਡਾ ਧੋਖਾ ਹੈ। ਇੱਕ ਵਿਦਾਵਾਨ ਨੇ ਬੜੀ ਪਿਆਰੀ ਗੱਲ ਕਹੀ ਕਿ ਪ੍ਰੋਫੈਸਰ ਸਾਹਿਬ ਸਿੰਘ ਇੱਕ ਨੀਤੀ ਤਹਿਤ ਚੱਲ ਕੇ ਇਸ ਕਾਰਜ ਨੂੰ ਸਿਰੇ ਚਾੜ੍ਹਿਆ ਸੀ ਨਹੀਂ ਤਾਂ ਸਮੇਂ ਦੇ ਵਿਦਵਾਨਾਂ ਨੇ ਉਹਨਾਂ ਦਾ ਇਹ ਟੀਕਾ ਛੱਪਣ ਹੀ ਨਹੀਂ ਦੇਣਾ ਸੀ। ਫਿਰ ਵੀ ਸਰਦਾਰ ਵਰਿਆਮ ਸਿੰਘ ਦੇ ਉਦਮ ਸਦਕਾ ਤੇ ਰਾਜ ਪਬਲੀਸ਼ਰ ਦੀ ਹਾਂ ਕਰਕੇ ਹੀ ਇਹ ਟੀਕਾ ਸਾਕਾਰ ਹੋਇਆ ਸੀ। ਪ੍ਰੋ; ਸਾਹਿਬ ਸਿੰਘ ਜੀ ਨੇ ਗੁਰਬਾਣੀ ਅਰਥਾਂ ਦਾ ਜਿਹੜਾ ਰਾਹ ਖੋਲ੍ਹਿਆ ਹੈ ਉਸ ਰਾਹ ਤੇ ਚੱਲਿਆਂ ਹੋਰ ਬਹੁਤ ਸਾਰੀਆਂ ਗੁੰਝਲਾਂ ਆਪਣੇ ਆਪ ਖੁਲ੍ਹਦੀਆਂ ਜਾਂਦੀਆਂ ਹਨ।
ਉਪਰੋਕਤ ਸ਼ਬਦ ਗੁਰੂ ਅਮਰਦਾਸ ਜੀ ਦਾ ਭੈਰਉ ਰਾਗ ਵਿੱਚ ਉਚਾਰਣ ਕੀਤਾ ਹੋਇਆ ਹੈ। ਇਸ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ “ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ॥ ਸਾਸਨਾ ਤੇ ਬਾਲਕੁ ਗਮੁ ਨ ਕਰੈ”॥ ਦੇ ਅੱਖਰੀ ਅਰਥ ਇਸ ਤਰ੍ਹਾਂ ਹਨ—
ਹੇ ਭਾਈ! (ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।
ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ। ੧।
ਇਹ ਵਿਚਾਰ ਗੁਰੂ ਅਮਰਦਾਸ ਜੀ ਦੇ ਰਹੇ ਹਨ ਕਿ ਗੁਰੂ ਦੀ ਸਿੱਖਿਆ ਤੇ ਤੁਰਨਾ ਹੀ ਸਦਾ ਨਾਮ ਜਪਣਾ ਹੈ। ਦੂਸਰਾ ਬਾਲਕ ਪ੍ਰਹਿਲਾਦ ਕਿਸੇ ਸਰੀਰਕ ਕਸ਼ਟ ਤੋਂ ਨਹੀਂ ਡਰਦਾ।
ਗੁਰਬਾਣੀ ਦੀ ਮਹੱਤਤਾ ਹੈ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿਚੋਂ ਹੀ ਮਿਲ ਜਾਂਦੀ ਹੈ। ਹੁਣ ਨਾਮ ਜੱਪਣ ਦੀ ਵਿਚਾਰ ਗੁਰੂ ਅਰਜਨ ਪਾਤਸ਼ਾਹ ਨਿਰਧਾਰਤ ਕਰਦੇ ਹਨ—
ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥
ਗਉੜੀ ਸੁਖਮਨੀ ਮਹਲਾ ੫ ਪੰਨਾ ੨੮੧
ਰਹਾਉ ਦੀਆਂ ਤੁਕਾਂ ਵਿਚੋਂ ਸਰੀਰਕ ਕਸ਼ਟ ਤੋਂ ਨਾ ਡਰਨਾ ਭਾਵ ਆਤਮਿਕ ਦ੍ਰਿੜਤਾ ਦਾ ਪ੍ਰਗਟਾਅ ਹੁੰਦਾ ਹੈ। ਭਾਂਵੇਂ ਇਹਨਾਂ ਤੁਕਾਂ ਵਿੱਚ ਗੁਰੂ ਅਮਰਦਾਸ ਜੀ ਆਪਣੀ ਦ੍ਰਿੜਤਾ ਦੀ ਵਿਚਾਰ ਦੇ ਰਹੇ ਹਨ ਪਰ ਇਹ ਵਿਚਾਰ ਸਭ ਲਈ ਸਾਂਝਾ ਹੈ। ਦ੍ਰਿੜਤਾ ਦਾ ਭਾਵ ਸਚਾਈ ਦੀਆਂ ਬੁਲੰਦੀਆਂ ਨੂੰ ਸਦਾ ਕਾਇਮ ਰੱਖਣ ਤੋਂ ਹੈ। “ਹਰਿ ਉਚਰੈ” ਦੀ ਗਹਿਰਾਈ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਚਲਣ ਤੋਂ ਹੈ। ਅਜੇਹੀ ਪ੍ਰਪੱਕਤਾ ਵਿੱਚ ਦੁਨੀਆਂ ਦਾ ਕੋਈ ਲਾਲਚ ਡਰਾ ਧਮਕਾ ਨਹੀਂ ਸਕਦਾ। ਇਸ ਉਪਦੇਸ਼ ਨੂੰ ਵਰਤਮਾਨ ਜੀਵਨ ਵਿੱਚ ਲੈ ਕੇ ਅਵਾਂਗੇ ਤਾਂ ਸਾਡੀ ਅਗਵਾਈ ਕਰਦਾ ਹੈ। ਪਰ ਸਾਖੀ ਨੂੰ ਅਸੀਂ ਕੰਨ ਰਸ ਤੀਕ ਸੀਮਤ ਕਰਕੇ ਰੱਖ ਦਿੱਤਾ ਹੈ।
ਬਾਕੀ ਸਾਰੇ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਨੇ ਸੀਨਾ-ਬ-ਸੀਨਾ ਤੁਰੇ ਆ ਰਹੇ ਪ੍ਰਚੱਲਤ ਵਿਚਾਰ ਦਿੱਤੇ ਹਨ ਨਾ ਕਿ ਉਹਨਾਂ ਦੀ ਕੋਈ ਪ੍ਰੋੜਤਾ ਕੀਤੀ ਹੈ। ਸਾਡਾ ਦੁਖਾਂਤ ਇਹ ਰਿਹਾ ਹੈ ਕਿ ਪਹਿਲਾਂ ਪਹਿਲ ਜਦੋਂ ਸ਼ਬਦ ਦੀ ਵਿਚਾਰ ਕਰਨ ਦਾ ਸਾਨੂੰ ਸਮਾਂ ਮਿਲਦਾ ਸੀ ਤਾਂ ਸ਼ਬਦ ਦੀਆਂ ਗਹਿਰਾਈਆਂ ਅਤੇ ਉਪਦੇਸ਼ ਨੂੰ ਛੱਡ ਕੇ ਭਗਤ ਮਾਲਾ ਦੀ ਕਹਾਣੀ ਅਨੁਸਾਰ ਰੱਬ ਨੂੰ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਕਰਕੇ ਹਰਨਾਖਸ਼ ਦਾ ਪੇਟ ਚੀਰਦਿਆਂ ਖੁਸ਼ੀ ਮਹਿਸੂਸ ਕਰਦੇ ਸੀ। ਤੱਤਿਆਂ ਥੰਮ੍ਹਾਂ ਤੇ ਕੀੜੀ ਤੁਰਦੀ ਦਿਖਾਉਂਦੇ ਰਹੇ ਹਾਂ। ਭਗਤ ਨਾਮਦੇਵ ਜੀ ਪਾਸੋਂ ਪੱਥਰ ਦੀਆਂ ਮੂਰਤੀਆਂ ਨੂੰ ਦੁੱਧ ਵੀ ਪਿਲਾਉਂਦੇ ਰਹੇ ਹਾਂ। ਸਮੇਂ ਸਮੇ ਨਾਲ ਜਦੋਂ ਸ਼ਬਦ ਦੀਆਂ ਗਹਿਰਾਈਆਂ ਨੂੰ ਸਮਝਣ ਦਾ ਯਤਨ ਕੀਤਾ ਤਾਂ ਹਰ ਸ਼ਬਦ ਵਿਚੋਂ ‘ਸਚਿਆਰ ਮਨੁੱਖ’ ਬਣਨ ਦਾ ਸੁਨੇਹਾਂ ਮਿਲਦਾ ਹੈ। ਦੂਸਰਾ ਰੱਬ ਦਾ ਕੋਈ ਰੂਪ ਜਾਂ ਰੰਗ ਨਹੀਂ ਹੈ ਤਾਂ ਫਿਰ ਉਸ ਦੇ ਦਰਸ਼ਨ ਕਿਸ ਤਰ੍ਹਾਂ ਕਰਨੇ ਹਨ? ਜੇ ਰੱਬ ਜੀ ਜਨਮ ਨਹੀਂ ਲੈਂਦੇ ਤਾਂ ਫਿਰ ਪ੍ਰਹਿਲਾਦ ਦੇ ਸਾਹਮਣੇ ਕਿਹੜਾ ਨਰਸਿੰਘ ਪ੍ਰਗਟ ਹੋਇਆ ਜਿਸ ਨੇ ਆਪਣਿਆਂ ਨਹੁੰਆਂ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ? ਇਹ ਵਿਚਾਰ ਹਰ ਵੇਲੇ ਅੱਖਾਂ ਸਾਹਮਣੇ ਘੁੰਮਦੇ ਦਿਖਾਈ ਦੇਣ ਲੱਗਦੇ ਹਨ।
ਇਸ ਸ਼ਬਦ ਵਿੱਚ ਇੱਕ ਵਿਚਾਰ ਹੋਰ ਵੀ ਆਉਂਦਾ ਹੈ ਕਿ ਭਗਤ ਪ੍ਰਹਿਲਾਦ ਜੀ ਦੀ ਬੰਦਗੀ ਕਰਕੇ ਇੱਕੀ ਕੁੱਲਾਂ ਤਰ ਗਈਆਂ ਜਾਂ ਭਗਤੀ ਕਰਨ ਵਾਲੇ ਦੀਆਂ ਇੱਕੀ ਕੁੱਲਾਂ ਤਰ ਜਾਂਦੀਆਂ ਹਨ। ਇੱਕੀ ਕੁੱਲਾਂ ਇਕੱਠੀਆਂ ਕਰਨ ਲਈ ਨਾਨਕੇ, ਦਾਦਕੇ ਤੇ ਸਾਹੁਰਾ ਪ੍ਰਵਾਰ ਨੂੰ ਗਿਣਿਆ ਜਾਂਦਾ ਹੈ। ਕੀ ਭਗਤ ਪ੍ਰਹਿਲਾਦ ਦਾ ਪਿਤਾ ਤੇ ਉਸ ਦੀ ਭੂਆ ਇੱਕੀ ਕੁੱਲਾਂ ਵਿੱਚ ਨਹੀਂ ਆਉਂਦੇ? ਫਿਰ ਏੱਥੇ ਇੱਕੀ ਕੁੱਲਾਂ ਦਾ ਭਾਵ ਅਰਥ ਹੀ ਲਿਆ ਜਾਏਗਾ ਕਿ ਸਿਧਾਂਤ ਦੀ ਗੱਲ ਨੂੰ ਸਮਝਣ ਵਾਲੇ ਲੋਕ ਤਰ ਜਾਂਦੇ ਹਨ।
ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਸ਼ਬਦ ਦੇ ਗਿਆਨ ਦੀ ਜਦੋਂ ਸਮਝ ਆਉਂਦੀ ਹੈ ਤਾਂ ਉਸ ਦੇ ਅੰਦਰੋਂ ਹਉਮੇ ਮਿਟ ਜਾਂਦੀ ਹੈ। ਹਰਿ ਨਾਮ ਵਿੱਚ ਜੁੜ ਕੇ ਭਾਵ ਸੱਚੇ ਮਾਰਗ ਤੇ ਚੱਲਿਆਂ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ ਸਕੀਦਾ ਹੈ। ਤਰ ਜਾਣ ਦਾ ਅਰਥ ਹੈ ਜ਼ਿੰਦਗੀ ਜਿਉਣ ਦਾ ਸਲੀਕਾ ਆ ਜਾਣਾ।
ਸਮੁੱਚੇ ਤੌਰ `ਤੇ ਸਮਝ ਆਉਂਦੀ ਹੈ ਕਿ ਰਹਾਉ ਦੀਆਂ ਤੁਕਾਂ ਵਿੱਚ ਸਮਝਾਇਆ ਹੈ ਕਿ ਗੁਰੂ ਸਾਹਿਬ ਦੀ ਸਿੱਖਿਆ ਤੇ ਤੁਰਨ ਵਾਲੇ ਵਿੱਚ ਦ੍ਰਿੜਤਾ ਦ੍ਰਿੜ ਹੁੰਦੀ ਹੈ। ਸਿਧਾਂਤ ਦੀ ਸਮਝ ਆਉਂਦਿਆਂ ਸਚ ਦੀ ਮੰਜ਼ਿਲ ਹਾਸਲ ਕਰਨ ਲਈ ਸਚਾਈ ਦੇ ਰਾਹ `ਤੇ ਹੀ ਤੁਰਦਾ ਹੈ। ਸਰੀਰਕਾਂ ਕਸ਼ਟਾਂ ਦਾ ਡਰ ਖਤਮ ਹੋ ਜਾਂਦਾ ਹੈ। ਐਸੀ ਮਾਨਸਿਕ ਅਵਸਥਾ ਦੀ ਪ੍ਰਪੱਕਤਾ ਵਿਚੋਂ ਸ਼ਹੀਦੀਆਂ ਜਨਮ ਲੈਂਦੀਆਂ ਹਨ। ਅਜੇਹੀ ਉੱਚੀ ਆਤਮਿਕ ਅਵਸਥਾ ਕਦੇ ਵੀ ਗੈਰ ਕੁਦਰਤੀ ਸਮਝੌਤੇ ਨਹੀਂ ਕਰਨ ਦਿੰਦੀ। ਹਰ ਵੇਲੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੀ ਰਹਿੰਦੀ ਹੈ।
ਇਸ ਸ਼ਬਦ ਵਿੱਚ ਪ੍ਰਚੱਲਤ ਸਾਖੀ ਦਾ ਹਵਾਲਾ ਦੇ ਕੇ ਸਾਨੂੰ ਵਰਤਮਾਨ ਜੀਵਨ ਵਿੱਚ ਦ੍ਰਿੜਤਾ ਪੈਦਾ ਕਰਨ ਦਾ ਉਪਦੇਸ਼ ਮਿਲਦਾ ਹੈ। ਇਸ ਸ਼ਬਦ ਨੂੰ ਵਿਚਾਰ ਕੇ ਇਹ ਦੇਖਣ ਦਾ ਯਤਨ ਕਰਨਾ ਹੈ ਕਿ ਸਾਨੂੰ ਆਤਮਿਕ ਤਲ਼ `ਤੇ ਕੀ ਉਪਦੇਸ਼ ਮਿਲਦਾ ਹੈ।
ਸ਼ਬਦ ਦੇ ਪਹਿਲੇ ਬੰਦ ਵਿੱਚ ਬੰਦ ਵਿੱਚ ਪ੍ਰਹਿਲਾਦ ਰੂਪੀ ਮਤ ਇੱਕ ਵਾਰੀ ਮਨੁੱਖ ਨੂੰ ਉਤੇਜਨ ਕਰਦੀ ਹੈ ਕਿ ਆਪਣੇ ਆਤਮਿਕ ਤਲ `ਤੇ ਗੁਣਾਂ ਨੂੰ ਲਿਖ ਭਾਵ ਸਮਝਣ ਦਾ ਯਤਨ ਕਰ। ਭਾਵ ਆਪਣੀ ਮਤ ਰੂਪੀ ਫੱਟੀ `ਤੇ ਗੁਪਾਲ ਦਾ ਨਾਂ ਲਿਖ ਤੇ ਨਿਰਮਲ ਕਰਮਾਂ ਨੂੰ ਤਰਜੀਹ ਦੇਣ ਦਾ ਯਤਨ ਕਰ। “ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ” ਫੱਟੀ `ਤੇ ਹਰਿ ਲਿਖਣ ਦਾ ਭਾਵ ਉਦਮ ਤੇ ਮਿਹਨਤ ਜਿਹੜੀ ਮੈਨੂੰ ਆਪ ਹੀ ਕਰਨੀ ਪੈਣੀ ਹੈ। ਇਸ ਵਿੱਚ ਇੱਕ ਇਹ ਪੱਖ ਵੀ ਦ੍ਰਿੜ ਕਰਾਇਆ ਹੈ ਜਿਹੜੀ ਮਤ ਪਾਖੰਡ, ਕਰਮ-ਕਾਂਡ ਲੋਕ ਵਿਖਾਵੇ ਵਿੱਚ ਫਸੀ ਰਹਿੰਦੀ ਹੈ ਉਸ ਦੇ ਜੀਵਨ ਦਾ ਵਿਕਾਸ ਰੁਕ ਜਾਂਦਾ ਹੈ। “ਦੂਜੈ ਭਾਇ ਫਾਥੇ ਜਮ ਜਾਲਾ” ਗੁਰੂ ਅਮਰਦਾਸ ਜੀ ਮਨੁੱਖਤਾ ਨੂੰ ਸਮਝਾਉਣ ਲਈ ਆਪਣੇ ਰਾਂਹੀ ਦਸ ਰਹੇ ਹਨ ਹੁਣ ਜਦੋਂ ਦੀ ਇਮਾਨਦਾਰੀ ਸਚਾਈ, ਸੰਤੋਖ ਦੀ ਸਮਝ ਆ ਗਈ ਤਾਂ ਇਹ ਦੈਵੀ ਤੇ ਸਦਾਚਾਰਕ ਗੁਣ ਸਦਾ ਮੇਰੇ ਅੰਗ ਸੰਗ ਰਹਿੰਦੇ ਹਨ। “ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ” ਇਹ ਸਾਰੀ ਸਿੱਖਿਆ ਮਨੁੱਖਤਾ ਨੂੰ ਹੀ ਸਮਝਾਉਣ ਵਾਲੀ ਹੈ।
ਸਾਡੇ ਮਨ ਵਿੱਚ ਹਰ ਵੇਲੇ ਬੁਰੇ ਤੇ ਭਲੇ ਦੋ ਵਿਚਾਰ ਚਲਦੇ ਰਹਿੰਦੇ ਹਨ ਭਲੇ ਵਿਚਾਰ ਸਮਝਣ ਲਈ ਸਮਾਂ ਲਗਦਾ ਹੈ ਜਦ ਕਿ ਬੁਰੇ ਖ਼ਿਆਲ ਹਰ ਵੇਲੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਇਸ ਤਰ੍ਹਾਂ ਸ਼ਬਦ ਦੇ ਦੂਜੇ ਬੰਦ ਵਿੱਚ ਪੁਰਾਣੀ ਮਿੱਥ ਦੇ ਕੇ ਮਨੁੱਖ ਦੇ ਸੁਭਾਅ ਦੀ ਵਿਚਾਰ ਕੀਤੀ ਹੈ ਕਿ ਬਹੁਤ ਵਾਰੀ ਮਨੁੱਖ ਦੀ ਅੰਦਰਲੀ ਮਾਂ ਰੂਪੀ ਭੈੜੀ ਮਤ ਹੀ ਮਨੁੱਖ ਨੂੰ ਕਹੀ ਜਾਂਦੀ ਹੈ ਕਿ ਕਾਹਨੂੰ ਬਿਪਤਾ ਵਿੱਚ ਪੈਣਾ ਹੈ, ਜਿਸ ਤਰ੍ਹਾਂ ਹਾਕਮ ਆਖਦੇ ਹਨ ਮੈਨੂੰ ਓਸੇ ਤਰ੍ਹਾਂ ਹੀ ਕਰ ਲੈਣਾ ਚਾਹੀਦਾ ਹੈ। ਭਾਵ ਜਿਵੇਂ ਲੋਕ ਚਲਦੇ ਹਨ ਸਾਨੂੰ ਵੀ ਓਸੇ ਤਰ੍ਹਾਂ ਚੱਲਣਾ ਚਾਹੀਦਾ ਹੈ। “ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ॥ ਪੁਤ੍ਰ ਰਾਮਨਾਮੁ ਛੋਡਹੁ ਜੀਉ ਲੇਹੁ ਉਬਾਰੇ” ਹੁਣ ਜਦੋਂ ਕਿ ਗੁਰੂ ਦੀ ਮੱਤ ਨੂੰ ਆਪਣੇ ਸੁਭਾਅ ਵਿੱਚ ਬਿਠਾ ਲਿਆ ਹੈ ਤਾਂ ਅੰਦਰਲੀ ਸ਼ੁਭ ਮਤ ਡਿੱਗ ਰਹੇ ਮਨ ਨੂੰ ਤਕੜਾ ਕਰਦਿਆਂ ਆਖਦੀ ਹੈ ਕਿ ਮੈਂ ਰਬ ਦਾ ਨਾਂ ਨਹੀਂ ਛੱਡਾਂਗਾ ਭਾਵ ਗੈਰ-ਕੁਦਰਤੀ ਕੰਮ ਨਹੀਂ ਕਰਾਂਗਾ। “ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥ ਰਾਮਨਾਮੁ ਨ ਛੋਡਾ ਗੁਰਿ ਦੀਆ ਬੁਝਾਇ”॥ ਸਿਧਾਂਤ ਨਾਲ ਸਮਝਾਉਤਾ ਨਹੀਂ ਕਰਾਂਗਾ। ਪ੍ਰਹਿਲਾਦ ਅਤੇ ਮਾਂ ਦਾ ਪ੍ਰਤੀਕ ਲੈ ਕੇ ਅੰਦਰਲੀ ਮਤ ਦੀ ਕਸ਼ਮਕਸ਼ ਦੀ ਸਮਝ ਆਉਂਦੀ ਹੈ। ਰਹਾਉ ਵਾਲੀਆਂ ਤੁਕਾਂ ਅਨੁਸਾਰ ਸਰੀਰਕ ਕਸ਼ਟਾਂ ਤੋਂ ਨਹੀਂ ਡਰਾਂਗਾ। ਗੁਰੂ ਦੇ ਗਿਆਨ ਦੁਆਰਾ ਇਸ ਰਮਜ਼ ਦੀ ਮੈਨੂੰ ਸਮਝ ਲੱਗ ਗਈ ਹੈ ਕਿ ਸਚਾਈ `ਤੇ ਚੱਲਣ ਨਾਲ ਹੀ ਨਿਰੋਏ ਸਮਾਜ ਦੀ ਸਿਰਜਣਾ ਹੋਣੀ ਹੈ।
ਸ਼ਬਦ ਦੇ ਤੀਜੇ ਬੰਦ ਵਿੱਚ ਪ੍ਰਹਿਲਾਦ ਦੇ ਉਸਤਾਦਾਂ ਅਤੇ ਹੋਰ ਉਹਨਾਂ ਦੇ ਸਹਿਜੋਗੀਆਂ ਨੇ ਹਰਨਾਖਸ਼ ਕੋਲ ਸ਼ਕਾਇਤ ਕੀਤੀ ਕਿ ਜਿੱਥੇ ਪ੍ਰਹਿਲਾਦ ਆਪ ਵਿਗਿੜਿਆ ਹੈ ਓੱਥੇ ਇਸ ਨੇ ਆਪਣੇ ਦੋਸਤਾਂ ਨੂੰ ਵੀ ਵਿਗਾੜ ਦਿੱਤਾ ਹੈ। “ਸੰਡਾ ਮਰਕਾ ਸਭਿ ਜਾਇ ਪੁਕਾਰੇ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ”॥ ਹੁਣ ਸਾਰੇ ਦੁਸ਼ਟ ਰਲ਼ ਕੇ ਪ੍ਰਹਿਲਾਦ ਨੂੰ ਮਾਰ ਮਕਾਉਣ ਦੀ ਸੋਚਦੇ ਹਨ। ਭਾਵ ਮਨ ਵਿਚਲੇ ਹੰਕਾਰ ਨਾਲ ਹੋਰ ਵਿਕਾਰ ਜੁੜ ਕੇ ਸ਼ੁਭ ਮਤ ਨੂੰ ਲਿਤਾੜਨ ਦਾ ਜ਼ੋਰ ਪਾਉਂਦੇ ਹਨ— “ਦੁਸਟ ਸਭਾ ਮਹਿ ਮੰਤ੍ਰੁ ਪਕਾਇਆ”॥ ਪਰ ਪ੍ਰਹਿਲਾਦ ਹੁਣ ਡਰਨ ਵਾਲਾ ਨਹੀਂ ਰਹਿਆ ਕਿਉਂਕਿ ਉਸ ਦਾ ਰੱਬ ਰਾਖਾ ਹੋ ਗਿਆ ਹੈ— “ਪ੍ਰਹਿਲਾਦ ਕਾ ਰਾਖਾ ਹੋਇ ਰਘੁਰਾਇਆ”॥ ਭਾਵ ਉਸ ਵਿੱਚ ਦ੍ਰਿੜਤਾ ਆ ਗਈ ਹੈ। ਏਸੇ ਵਿਚਾਰ ਨੂੰ ਆਪਣੇ ਜੀਵਨ `ਤੇ ਲਾਗੂ ਕਰਨਾ ਹੈ ਤਾਂ ਸਮਝ ਆਉਂਦਾ ਹੈ ਕਿ ਲੋਭ ਮੋਹ ਵਰਗੇ ਉਸਤਾਦਾਂ ਨੇ ਹੰਕਾਰੀ ਹਰਨਾਖਸ਼ ਰੂਪੀ ਮਨ ਕੋਲ ਸ਼ਕਾਇਤ ਕੀਤੀ ਕਿ ਪ੍ਰੁਹਲਾਦ ਭਾਵ ਸ੍ਰਿਸ਼ੇਟ ਮਤ ਨੇ ਕ੍ਰੋਧ ਨੂੰ ਆਪਣਾ ਦੋਸਤ ਬਣਾ ਕੇ ਪਿਆਰ ਵਿੱਚ ਬਦਲ ਦਿੱਤਾ ਹੈ ਤੇ ਕਾਮ ਨੂੰ ਵੀ ਆਪਣਾ ਦੋਸਤ ਬਣਾ ਕੇ ਮਨੁੱਖੀ ਸੇਵਾ ਵਿੱਚ ਲਗਾ ਦਿੱਤਾ ਹੈ। ਜੇ ਏਦਾਂ ਹੀ ਕੰਮ ਚਲਦਾ ਰਿਹਾ ਤਾਂ ਭੈੜੀ ਮਤ ਆਖਦੀ ਹੈ ਕਿ ਆਪਾਂ ਸਾਰੇ ਕੀ ਕਰਾਂਗੇ ਇਸ ਲਈ ਕਿਉਂ ਨਾ ਆਪਾਂ ਸਾਰੇ ਰਲ਼ ਕੇ ਇੱਕ ਜ਼ੋਰਦਾਰ ਹਮਲਾ ਮਾਰ ਕੇ ਭਲੀ ਮਤ ਭਾਵ ਪ੍ਰਹਿਲਾਦ ਨੂੰ ਮਾਰ ਮੁਕਾਈਏ?
ਅੱਗੋਂ ਪ੍ਰਹਿਲਾਦ ਆਖਦਾ ਹੈ ਕਿ ਹੁਣ ਮੇਰਾ ਰਾਖਾ ਰੱਬ ਹੈ ਤੁਸੀਂ ਮੇਰਾ ਕੁੱਝ ਵੀ ਨਹੀਂ ਵਿਗਾੜ ਸਕਦੇ ਭਾਵ ਭਲੀ ਮਤ ਦ੍ਰਿੜਤਾ ਵਿੱਚ ਆ ਗਈ ਹੈ ਭੈੜੀ ਮਤ ਦਾ ਪ੍ਰਭਾਵ ਹੁਣ ਕਦੇ ਵੀ ਨਹੀਂ ਕਬੂਲੇਗੀ। ਇਸ ਨੂੰ ਕਹਿਆ ਹੈ ਕਿ ਪ੍ਰਹਿਲਾਦ ਦਾ ਰਾਖਾ ਰੱਬ ਬਣ ਗਿਆ ਹੈ ਭਾਵ ਗੁਰੂ ਗਿਆਨ ਦੁਆਰਾ ਦੇਵੀ ਗੁਣ ਹੁਣ ਸਦਾ ਹੀ ਮੇਰੇ ਨਾਲ ਰਹਿਣਗੇ।
ਸ਼ਬਦ ਦੇ ਚੌਥੇ ਬੰਦ ਵਿੱਚ ਹੰਕਾਰ ਰੂਪੀ ਮਨ ਭਾਵ ਹਰਨਾਖਸ਼ ਅਜੇ ਵੀ ਨਹੀਂ ਟਲ਼ਿਆ। ਉਹ ਕੋਈ ਵੀ ਮੌਕਾ ਗਵਾਉਣ ਲਈ ਤਿਆਰ ਨਹੀਂ ਹੈ। ਹੰਕਾਰ ਫੂੰਕਾਰਾ ਮਾਰਦਿਆਂ ਕ੍ਰੋਧ ਨੂੰ ਜਗਾਉਣ ਦਾ ਯਤਨ ਕਰਦਾ ਹੈ- “ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ”॥ ਪਰ ਹਲੇਮੀ, ਸਹਿਜ, ਮਿਠਾਸ ਨਾਲ ਭਰੀ ਹੋਈ ਮਤ ਭਾਵ ਪ੍ਰਹਿਲਾਦ ਦੇ ਰੂਪ ਵਿੱਚ ਅੰਦਰੋਂ ਸੱਚ ਰੂਪੀ ਰੱਬ ਪ੍ਰਗਟ ਹੁੰਦਾ ਹੈ ਜਿਹੜਾ ਸੱਚ ਦੀਆਂ ਦਲੀਲਾਂ ਨਾਲ ਵਿਕਾਰੀ ਸੋਚ ਨੂੰ ਚੀਰ ਕੇ ਰੱਖ ਦਿੰਦਾ ਹੈ। ਗੁਰੂ ਦੀ ਮਤ ਨੂੰ ਮਾਂ, ਸੰਤੋਖ ਨੂੰ ਪਿਤਾ, ਦੁਨੀਆਂ ਦੀ ਸੇਵਾ ਨੂੰ ਆਤਮਿਕ ਤਲ਼ `ਤੇ ਭਰਾ, ਮਿਹਨਤ ਕਰਦਿਆਂ ਸੱਚ ਨਾਲ ਜੁੜੇ ਰਹਿਣਾ ਸੱਸ, ਸਹੁਰਾ ਤੇ ਨੇਕ ਕਰਮਾਂ ਵਾਲੀ ਵਹੁਟੀ ਨੂੰ ਜਦੋਂ ਆਪਣੇ ਸੁਭਾਅ ਵਿੱਚ ਲੈ ਕੇ ਆਉਂਦੇ ਹਾਂ ਤਾਂ ਓਦੋਂ ਸੱਚ ਰੂਪੀ ਪੁੱਤਰ ਭਾਵ ਰੱਬ ਜੀ ਸਾਡੇ ਵਿਹਾਰ ਵਿਚੋਂ ਪ੍ਰਗਟ ਹੁੰਦੇ ਹਨ। ਭਾਵ ਸਾਡੀ ਮਤ ਵਿੱਚ ਸੱਚ ਦੀਆਂ ਦਲੀਲਾਂ ਜਨਮ ਲੈਂਦੀਆਂ ਹਨ ਜਿੰਨਾਂ ਨਾਲ ਹੰਕਾਰੀ ਮਤ (ਹਰਨਾਖਸ਼) ਦੀ ਕੋਈ ਪੇਸ਼ ਨਹੀਂ ਜਾਂਦੀ—ਗੁਰੂ ਨਾਨਕ ਸਾਹਿਬ ਦਾ ਰਾਗ ਗਉੜੀ ਵਿੱਚ ਵਾਕ ਹੈ—
ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ ੧॥
ਕਹਣਾ ਹੈ, ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥ ੧॥ ਰਹਾਉ॥
ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥ ੨॥
ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥ ੩॥
ਗਉੜੀ ਮਹਲਾ ੧ ਪੰਨਾ ੧੫੧-੧੫੨
ਉਪਰੋਕਤ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਆਤਮਿਕ ਗੁਣਾਂ ਨੂੰ ਸਹਿਜ ਨਾਲ ਧਾਰਨ ਕਰਨ ਲਈ ਆਖਿਆ ਹੈ ਤੇ ਇਹਨਾਂ ਗੁਣਾਂ ਵਿੱਚ ਰੱਬ ਨੇ ਜਨਮ ਲੈਣਾ ਹੈ ਭਾਵ ਸਾਡਾ ਵਿਹਾਰਕ ਜੀਵਨ ਘੜਿਆ ਜਾਣਾ ਹੈ।
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ॥
ਹਰਣਾਖਸੁ ਨਖੀ ਬਿਦਾਰਿਆ ਪ੍ਰਹਿਲਾਦੁ ਲੀਆ ਉਬਾਰਿ॥
ਇਸ ਦੀ ਸਮਝ ਏਦਾਂ ਆਉਂਦੀ ਹੈ ਕਿ ਜਦੋਂ ਗਿਆਨ ਦੁਆਰਾ ਬੁਰੇ ਭਲੇ ਦੀ ਸਮਝ ਆਉਂਦੀ ਹੈ ਤਾਂ ਵਿਕਾਰੀ ਬਿਰਤੀ ਆਪਣੇ ਆਪ ਕਿਨਾਰਾ ਕਰ ਲੈਂਦੀ ਹੈ---ਥੰਮ ਉਪਾੜਿ ਕੇ ਜਿਹੜਾ ਰੱਬ ਪ੍ਰਗਟ ਹੋਣਾ ਹੈ ਉਹ ਸੱਚ ਦੇ ਅਧਾਰਤ ਵਿਹਾਰਕ ਜੀਵਨ ਹੈ।
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ॥
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ॥
ਆਸਾ ਮਹਲਾ ੫ ਪੰਨਾ ੪੬੦
ਅਖੀਰਲੇ ਬੰਦ ਦੀ ਇੱਕ ਤੁਕ ਰਾਂਹੀਂ ਸਾਰੀ ਗੱਲ ਸਮਝ ਆਉਂਦੀ ਹੈ ਕਿ— “ਗੁਰ ਕੈ ਸਬਦਿ ਹਉਮੈ ਬਿਖੁ ਮਾਰੇ”॥ ਵਰਤਮਾਨ ਜੀਵਨ ਵਿੱਚ ਅਸੀਂ ਵੀ ਗੁਰੂ ਦੇ ਸ਼ਬਦ ਰਾਂਹੀਂ ਹਉਮੇ ਰੂਪੀ ਬਿੱਖ ਨੂੰ ਮਾਰ ਸਕਦੇ ਹਾਂ। ਜਿੱਥੇ ਮਨੁੱਖ ਖ਼ੁਦ ਸੁਖੀ ਹੁੰਦਾ ਹੈ ਓੱਥੇ ਹੋਰਨਾਂ ਨੂੰ ਵੀ ਭਲੇ ਰਸਤੇ `ਤੇ ਤੁਰਨ ਲਈ ਪ੍ਰ੍ਰੇਤ ਕਰਦਾ ਹੈ। ਇੱਕ ਅਧਿਆਪਕ ਦੇ ਬੱਚੇ ਪੜ੍ਹਨ ਭਾਂਵੇਂ ਨਾ ਪੜ੍ਹਨ ਪਰ ਉਹ ਆਪਣੇ ਹੁਨਰ ਦੁਆਰਾ ਸਮਾਜ ਦੇ ਸੈਂਕੜੇ ਬੱਚੇ ਪੜ੍ਹਾ ਜਾਂਦਾ ਹੈ। ਇੱਕੀ ਕੁਲਾਂ ਇੱਕ ਮੁਹਾਵਰੇ ਵਜੋਂ ਆਇਆ ਹੈ ਭਾਵ ਜਿਹੜਾ ਗੁਰੂ ਦੀ ਗੱਲ ਨੂੰ ਸਮਝ ਲੈਂਦਾ ਹੈ ਉਹ ਤਰ ਜਾਂਦਾ ਹੈ— “ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ” ਰੱਬ ਜੀ ਆਪਣੇ ਭਗਤਾਂ ਦੇ ਕਾਰਜ ਸਵਾਰ ਦਿੰਦਾ ਹੈ ਭਾਵ ਜ਼ਿੰਦਗੀ ਵਿੱਚ ਸਲੀਕਾ, ਉਦਮ, ਇਮਾਨਦਾਰੀ ਤੇ ਮਿਹਨਤੀ ਬਿਰਤੀ ਜਨਮ ਲੈਂਦੀ ਹੈ। ਅਜੇਹੇ ਜਨ ਨੂੰ ਸ਼ੇਖ ਫ਼ਰੀਦ ਸਾਹਿਬ ਜੀ ਭਗਤ ਆਖਦੇ ਹਨ—
ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥ ੧੨੮॥
ਪੰਨਾ ੧੩੮੪
ਭਲੀ ਮਤ ਜਿੱਥੇ ਆਪਣਾ ਆਪ ਸਵਾਰਦੀ ਹੈ ਓੱਥੇ ਹੋਰਨਾਂ ਵੀ ਚੰਗੇ ਰਸਤੇ ਚਲਣ ਦੀ ਪ੍ਰੇਰਨਾ ਦੇਂਦੀ ਹੈ--- “ਪ੍ਰਹਿਲਾਦ ਜਨ ਕੇ ਇਕੀਹ ਕੁਲ ਉਧਾਰੇ”
ਮੁੜ ਵਿਚਾਰ ਫਿਰ ਏੱਥੇ ਆ ਕੇ ਖੜੀ ਹੁੰਦੀ ਹੈ ਕਿ ਸਾਰੀ ਗੁਰਬਾਣੀ ਨੇ ਵੱਖ ਵੱਖ ਉਦਾਹਰਣਾਂ ਦੇ ਕੇ ਮਨੁੱਖ ਦੇ ਵਰਤਮਾਨ ਜੀਵਨ ਨੂੰ ਸਚਿਆਰ ਬਣਾਉਣ ਦੀ ਵਿਚਾਰਧਾਰਾ ਦਿੱਤੀ ਹੈ। ਇਸ ਸ਼ਬਦ ਵਿੱਚ ਪ੍ਰਹਿਲਾਦ ਅਤੇ ਹਰਨਾਖਸ਼ ਦੀ ਪ੍ਰਚੱਲਤ ਗਾਥਾ ਰਾਂਹੀਂ ਆਪਣੇ ਮਨ ਵਿੱਚ ਦ੍ਰਿੜਤਾ ਲਿਆਉਣ `ਤੇ ਜ਼ੋਰ ਦਿੱਤਾ ਗਿਆ ਹੈ। ਹਰਨਾਖਸ਼, ਭਾਵ ਹੰਕਾਰ ਵਰਗੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜਦੋਂ ਗੁਰ-ਗਿਆਨ ਰਾਂਹੀਂ ਸਮਝਣ ਦਾ ਯਤਨ ਕੀਤਾ ਜਾਏਗਾ। ਹਰਨਾਖਸ਼ ਜਾਂ ਪ੍ਰਹਿਲਾਦ ਹੋਇਆ ਹੈ ਜਾਂ ਨਹੀਂ ਇਸ ਦੀ ਕੋਈ ਪ੍ਰੋੜਤਾ ਨਹੀਂ ਕਰ ਰਹੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸਾਂ ਸਿੱਖਿਆ ਕੀ ਹਾਸਲ ਕੀਤੀ ਹੈ? ਕੀ ਵਰਤਮਾਨ ਸਮੇਂ ਵਿੱਚ ਕਿਤੇ ਸਾਡਾ ਮਨ ਤਾਂ ਨਹੀਂ ਹਰਨਾਖਸ਼ ਦਾ ਰੂਪ ਧਾਰਨ ਕਰ ਗਿਆ। ਦੂਸਰਾ ਮਾਂ ਆਖਦੀ ਹੈ ਕਿ ਪ੍ਰਹਿਲਾਦ ਪੁੱਤਰ ਤੂੰ ਰੱਬ ਦਾ ਨਾਂ ਲੈਣਾ ਛੱਡ ਇਸ ਦਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਭੈੜੀ ਮੱਤ ਮਨੁੱਖ ਨੂੰ ਸੁਧਰਨ ਦਾ ਮੌਕਾ ਨਹੀਂ ਦਿੰਦੀ। ਭੈੜੀ ਮਤ ਹਰ ਮੋੜ `ਤੇ ਮਨੁੱਖ ਦੀ ਦ੍ਰਿੜਤਾ ਨੂੰ ਖੋਰਾ ਲਗਾਉਂਦੀ ਹੈ।
ਸਮੁੱਚੇ ਤੌਰ `ਤੇ ਕਹਿਆ ਜਾ ਸਕਦਾ ਹੈ ਇਸ ਸ਼ਬਦ ਵਿੱਚ ਪੁਰਾਣੀ ਮਿੱਥ ਰਾਂਹੀਂ ਮਨੁੱਖੀ ਸੁਭਾਅ ਵਿੱਚ ਦ੍ਰਿੜਤਾ ਨੂੰ ਪ੍ਰਪੱਕ ਕਰਨ ਲਈ ਪ੍ਰੇਰਤ ਕੀਤਾ ਹੈ।
ਸਾਡੇ ਸਮਾਜ ਵਿੱਚ ਬਹੁਤ ਥਾਂਈਂ ਰਾਜਨੀਤਿਕ, ਸਮਾਜਿਕ, ਅਫ਼ਸਰ ਸ਼ਾਹੀ, ਧਾਰਮਿਕ ਆਗੂ ਤਥਾ ਪੁਜਾਰੀ ਗੈਰ ਇਖ਼ਕਾਲੀ ਕਰਮ ਕਰਕੇ ਹਰਨਾਖਸ਼ ਦਾ ਰੂਪ ਧਾਰਨ ਕਰ ਚੁੱਕੇ ਹਨ। ਇਹਨਾਂ ਦਾ ਸਾਥ ਪੀਲੀ ਪੱਤਰਕਾਰੀ ਕਰਨ ਵਾਲੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਵਿੱਚ ਕਿਤੇ ਸਾਥ ਤਾਂ ਨਹੀਂ ਦੇ ਰਹੇ? —ਸੋਚਣ ਵਾਲਾ ਮੁੱਦਾ ਹੈ।
Author:
Principal: Gurbachan Singh Panwan
9915529725
Posted By:
Gurjeet Singh