Canada: ਓਨਟਾਰੀਓ ਵਿੱਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਬੀਅਰ ਡੋਲ੍ਹੀ, ਕੁੱਟਮਾਰ ਮਾਮਲੇ ਵਿੱਚ 3 ਗ੍ਰਿਫ਼ਤਾਰ
- ਅੰਤਰਰਾਸ਼ਟਰੀ
- (Asia/Kolkata)
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬੈਰੀ (Barrie) ਸ਼ਹਿਰ ਵਿੱਚ ਜਨਤਕ ਬੱਸਾਂ ਵਿੱਚ ਦੋ ਯਾਤਰੀਆਂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਇੱਕ 22 ਸਾਲਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਅਤੇ ਉਸ ’ਤੇ ਬੀਅਰ ਡੋਲ੍ਹਣ ਦਾ ਵੀ ਦੋਸ਼ ਹੈ। ਪੁਲੀਸ ਨੇ ਤਿੰਨਾਂ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੇ ਦੋਸ਼ ਆਇਦ ਕੀਤੇ ਹਨ।
ਬੈਰੀ ਪੁਲੀਸ ਅਨੁਸਾਰ ਇਹ ਘਟਨਾਵਾਂ 8 ਨਵੰਬਰ ਨੂੰ ਵਾਪਰੀਆਂ। 16, 18 ਅਤੇ 19 ਸਾਲ ਦੀ ਉਮਰ ਦੇ ਤਿੰਨ ਮੁਲਜ਼ਮਾਂ ਨੇ ਇੱਕ ਘੰਟੇ ਦੇ ਅੰਦਰ ਵੱਖ-ਵੱਖ ਬੱਸਾਂ ਵਿੱਚ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ।
ਪਹਿਲੀ ਘਟਨਾ ਸ਼ਾਮ ਕਰੀਬ 7:15 ਵਜੇ ਐਸਾ ਰੋਡ (Essa Road) ਨੇੜੇ ਇੱਕ ਬੱਸ ਵਿੱਚ ਵਾਪਰੀ। ਪੁਲੀਸ ਮੁਤਾਬਕ ਤਿੰਨਾਂ ਨੇ 26 ਸਾਲਾ ਯਾਤਰੀ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ, ਅਪਮਾਨਜਨਕ ਟਿੱਪਣੀਆਂ ਕੀਤੀਆਂ, ਉਸ ਨੂੰ ਧੱਕਾ ਦਿੱਤਾ ਅਤੇ ਥੱਪੜ ਮਾਰੇ। ਜਦੋਂ ਯਾਤਰੀ ਨੇ ਬੱਸ ਡਰਾਈਵਰ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਨੂੰ ਬੱਸ ਤੋਂ ਹੇਠਾਂ ਧੱਕ ਦਿੱਤਾ ਅਤੇ ਫ਼ਰਾਰ ਹੋ ਗਏ।
ਦੂਜੀ ਬੱਸ ਵਿੱਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਡੋਲ੍ਹੀ ਬੀਅਰ
ਦੂਜੀ ਘਟਨਾ ਰਾਤ ਕਰੀਬ 8:30 ਵਜੇ ਯੋਂਗ ਸਟਰੀਟ (Yonge Street) ’ਤੇ ਇੱਕ ਹੋਰ ਬੱਸ ਵਿੱਚ ਵਾਪਰੀ। ਪੁਲੀਸ ਅਨੁਸਾਰ ਇਸੇ ਸਮੂਹ ਨੇ 22 ਸਾਲਾ ਯਾਤਰੀ ਕੋਲ ਪਹੁੰਚ ਕੇ ਕਥਿਤ ਤੌਰ ’ਤੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ’ਤੇ ਬੀਅਰ ਡੋਲ੍ਹ ਦਿੱਤੀ।
ਜਦੋਂ ਪੀੜਤ ਨੇ ਪੁਲੀਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਵਿੱਚੋਂ ਇੱਕ ਨੇ ਉਸ ਦਾ ਫ਼ੋਨ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਬੱਸ ਡਰਾਈਵਰ ਤੋਂ ਮਦਦ ਮੰਗੀ ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ। ਹਮਲੇ ਤੋਂ ਬਾਅਦ ਤਿੰਨੇ ਮੁਲਜ਼ਮ ਟੈਕਸੀ ਵਿੱਚ ਫ਼ਰਾਰ ਹੋ ਗਏ।
ਪੁਲੀਸ ਨੇ ਕਰੀਬ ਅੱਧੇ ਘੰਟੇ ਦੇ ਅੰਦਰ ਟੈਕਸੀ ਦਾ ਪਤਾ ਲਗਾ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਦੋਵਾਂ ਪੀੜਤਾਂ ਵਿੱਚੋਂ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ।
ਓਨਟਾਰੀਓ ਦੇ ਮੰਤਰੀ ਅਤੇ ਸਿੱਖ ਜਥੇਬੰਦੀ ਵੱਲੋਂ ਘਟਨਾ ਦੀ ਨਿੰਦਾ
ਹਿੰਦੂ ਸਿੱਖ ਯੂਨਿਟੀ ਫੋਰਮ ਕੈਨੇਡਾ ਨੇ 22 ਸਾਲਾ ਪੀੜਤ ਦੀ ਪਛਾਣ ਸਿੱਖ ਨੌਜਵਾਨ ਵਜੋਂ ਕੀਤੀ ਹੈ। ਓਨਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਸਤਾਰ ਨੂੰ ਨਿਸ਼ਾਨਾ ਬਣਾਉਣ ਨੂੰ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, “ਦਸਤਾਰ ਆਸਥਾ ਦਾ ਇੱਕ ਪਵਿੱਤਰ ਚਿੰਨ੍ਹ ਹੈ। ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਦੇ ਮਾਣ-ਸਨਮਾਨ ਅਤੇ ਧਾਰਮਿਕ ਆਜ਼ਾਦੀ ’ਤੇ ਸ਼ਰੇਆਮ ਹਮਲਾ ਹੈ।”
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਵੀ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਸੰਸਥਾ ਨੇ ਅਜਿਹੀਆਂ ਘਟਨਾਵਾਂ ਨੂੰ ਇਕੱਲੀਆਂ-ਕਾਰੀਆਂ ਕਾਰਵਾਈਆਂ ਵਜੋਂ ਨਾ ਦੇਖਣ ਦੀ ਚੇਤਾਵਨੀ ਦਿੱਤੀ। ‘ਐਕਸ’ ’ਤੇ ਜਾਰੀ ਬਿਆਨ ਵਿੱਚ ਸੰਸਥਾ ਨੇ ਕਿਹਾ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਵਧਦੇ ਮਾਮਲਿਆਂ ਵੱਲ ਗੰਭੀਰਤਾ ਨਾਲ ਧਿਆਨ ਦੇਣ, ਜਵਾਬਦੇਹੀ ਤੈਅ ਕਰਨ ਅਤੇ ਸਿੱਖ ਕੈਨੇਡੀਅਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦੀ ਲੋੜ ਹੈ।
ਕੈਨੇਡਾ ਵਿੱਚ 7.71 ਲੱਖ ਤੋਂ ਵੱਧ ਸਿੱਖ
ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿੱਚ 7,71,790 ਸਿੱਖ ਵੱਸਦੇ ਹਨ, ਜੋ ਕੁੱਲ ਆਬਾਦੀ ਦਾ ਲਗਪਗ 2.1 ਫ਼ੀਸਦੀ ਹਨ। ਓਨਟਾਰੀਓ ਸੂਬੇ ਵਿੱਚ 3,00,000 ਤੋਂ ਵੱਧ ਸਿੱਖ ਰਹਿੰਦੇ ਹਨ। ਭਾਰਤ ਤੋਂ ਬਾਅਦ ਕੈਨੇਡਾ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿੱਖ ਆਬਾਦੀ ਹੈ।
ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ, ਦੋਵੇਂ ਬਾਲਗ ਮੁਲਜ਼ਮਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ, ਜਦਕਿ 16 ਸਾਲਾ ਨਾਬਾਲਗ ਨੂੰ ਤਿੰਨ ਸਾਲ ਤੱਕ ਯੂਥ ਕਸਟਡੀ (ਬਾਲ ਸੁਧਾਰ ਘਰ) ਦੀ ਸਜ਼ਾ ਹੋ ਸਕਦੀ ਹੈ।