ਪੱਟੀ ’ਚ ਨਸ਼ੇ ਨੇ ਉਜਾੜਿਆ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ; ਵੱਡੇ ਭਰਾ ਦੇ ਤਿੰਨ ਬੱਚਿਆਂ ਤੋਂ ਪਿਤਾ ਦਾ ਸਾਇਆ ਉੱਠਿਆ
- ਪੰਜਾਬ
- (Asia/Kolkata)
Patti Brother Death: ਪੱਟੀ ਸ਼ਹਿਰ ਵਿੱਚ ਐਤਵਾਰ ਤੜਕਸਾਰ ਨਸ਼ੇ ਦੀ ਲਤ ਨਾਲ ਜੂਝ ਰਹੇ ਦੋ ਸਕੇ ਭਰਾਵਾਂ ਦੀ ਮੌਤ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (36) ਅਤੇ ਸੋਨਾ ਸਿੰਘ (28), ਪੁੱਤਰ ਜਗਜੀਰ ਸਿੰਘ, ਵਾਸੀ ਪੱਟੀ ਵਜੋਂ ਹੋਈ ਹੈ। ਇਸ ਘਟਨਾ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਤਿੰਨ ਬੱਚਿਆਂ ਦਾ ਪਿਤਾ ਸੀ ਵੱਡਾ ਭਰਾ
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪਰਿਵਾਰ ਪੱਟੀ ਦੇ ਤਾਰਾਂਵਾਲਾ ਸਕੂਲ (ਬਲਾਕ ਦਫ਼ਤਰ) ਦੇ ਅੰਦਰ ਬਣੇ ਇੱਕ ਕਮਰੇ ਵਿੱਚ ਪਿਛਲੇ ਕਰੀਬ ਚਾਰ ਸਾਲਾਂ ਤੋਂ ਰਹਿ ਰਿਹਾ ਸੀ। ਦੋਵੇਂ ਭਰਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਗੁਰਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ, ਜਦਕਿ ਛੋਟਾ ਭਰਾ ਸੋਨਾ ਸਿੰਘ ਕੁਆਰਾ ਸੀ।
ਇੱਕ ਭਰਾ ਚਿੱਟੇ ਤੇ ਦੂਜਾ ਨਸ਼ੀਲੀਆਂ ਗੋਲੀਆਂ ਦਾ ਸੀ ਆਦੀ
ਮ੍ਰਿਤਕਾਂ ਦੀ ਮਾਤਾ ਸੁਰਿੰਦਰ ਕੌਰ ਅਤੇ ਭੈਣ ਸਤਵਿੰਦਰ ਕੌਰ ਨੇ ਦੱਸਿਆ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਉਨ੍ਹਾਂ ਅਨੁਸਾਰ, ਸ਼ਨੀਵਾਰ ਰਾਤ ਨੂੰ ਦੋਵੇਂ ਭਰਾ ਨਸ਼ੇ ਦੀ ਹਾਲਤ ਵਿੱਚ ਆਪਣੇ ਕਮਰੇ ਵਿੱਚ ਸੌਂ ਗਏ ਸਨ, ਪਰ ਐਤਵਾਰ ਤੜਕਸਾਰ ਦੋਵਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਭਰਾ ਚਿੱਟੇ ਦਾ ਸੇਵਨ ਕਰਦਾ ਸੀ, ਜਦਕਿ ਦੂਜਾ ਨਸ਼ੀਲੀਆਂ ਗੋਲੀਆਂ ਖਾਣ ਦਾ ਆਦੀ ਸੀ।
ਇਸ ਘਟਨਾ ਵਿੱਚ ਪਰਿਵਾਰ ਨੇ ਆਪਣੇ ਦੋਵੇਂ ਜਵਾਨ ਪੁੱਤਰ ਗੁਆ ਦਿੱਤੇ ਹਨ। ਗੁਰਦੀਪ ਸਿੰਘ ਦੇ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ, ਜਿਸ ਕਾਰਨ ਪਰਿਵਾਰ ਦਾ ਦੁੱਖ ਹੋਰ ਵੀ ਡੂੰਘਾ ਹੋ ਗਿਆ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਪੱਟੀ ਇਲਾਕੇ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਕਾਰਨ ਉੱਜੜ ਰਹੇ ਪਰਿਵਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।