ਹੁਣ ਚੰਡੀਗੜ੍ਹ ’ਚ ਕੂੜਾ ਸੁੱਟਣ ਅਤੇ ਸਾੜਨ ’ਤੇ ਲੱਗੇਗਾ ਭਾਰੀ ਜੁਰਮਾਨਾ, ਨਵਾਂ ਪ੍ਰਸਤਾਵ ਪੇਸ਼

ਹੁਣ ਚੰਡੀਗੜ੍ਹ ’ਚ ਕੂੜਾ ਸੁੱਟਣ ਅਤੇ ਸਾੜਨ ’ਤੇ ਲੱਗੇਗਾ ਭਾਰੀ ਜੁਰਮਾਨਾ, ਨਵਾਂ ਪ੍ਰਸਤਾਵ ਪੇਸ਼

ਚੰਡੀਗੜ੍ਹ ਵਿੱਚ ਹੁਣ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਵੱਲੋਂ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਨਵੇਂ ਪ੍ਰਸਤਾਵ ਮੁਤਾਬਕ ਗੰਦਗੀ ਫੈਲਾਉਣ ’ਤੇ ਕਾਰਵਾਈ ਕੀਤੀ ਜਾਵੇਗੀ।

ਇਸ ਪ੍ਰਸਤਾਵ ਤਹਿਤ ਜਨਤਕ ਥਾਵਾਂ, ਖੁੱਲ੍ਹੇ ਵਿੱਚ ਅਤੇ ਘਰੇਲੂ ਜਾਂ ਦੁਕਾਨਾਂ ਦਾ ਕੂੜਾ ਸੁੱਟਣ ’ਤੇ ਜੁਰਮਾਨਾ ਲਗਾਇਆ ਜਾਵੇਗਾ।

ਕੂੜਾ ਸੁੱਟਣ ’ਤੇ ₹15,000 ਤੱਕ ਜੁਰਮਾਨਾ

ਨਗਰ ਨਿਗਮ ਦੇ ਸਾਲਿਡ ਵੇਸਟ ਮੈਨੇਜਮੈਂਟ 2026 ਲਈ ਨਵੇਂ ਪ੍ਰਸਤਾਵ ਤਹਿਤ ਜਨਤਕ ਥਾਵਾਂ ’ਤੇ ਕੂੜਾ ਸੁੱਟਣ ’ਤੇ ₹500 ਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਹੈ। ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ ₹15,000 ਅਤੇ ਘਰੇਲੂ ਜਾਂ ਦੁਕਾਨਾਂ ਦਾ ਕੂੜਾ ਜਨਤਕ ਡਸਟਬਿਨਾਂ ਵਿੱਚ ਸੁੱਟਣ ’ਤੇ ₹15,000 ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਸ ਤੋਂ ਇਲਾਵਾ ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ₹10,000 ਤੋਂ ₹25,000 ਤੱਕ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।

ਉਪਭੋਗਤਾ ਫੀਸ ਵੀ ਨਿਰਧਾਰਤ

ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਘਰਾਂ ਤੋਂ ਲੈ ਕੇ ਹੋਟਲਾਂ, ਦਫਤਰਾਂ ਅਤੇ ਦੁਕਾਨਾਂ ਤੱਕ ਕੂੜਾ ਇਕੱਠਾ ਕਰਨ ਲਈ ਮਹੀਨਾਵਾਰ ਉਪਭੋਗਤਾ ਫੀਸ ਵੀ ਨਿਰਧਾਰਤ ਕੀਤੀ ਗਈ ਹੈ।

ਪ੍ਰਸਤਾਵ ਦੇ ਅਨੁਸਾਰ, 1 ਜਨਵਰੀ ਤੋਂ ਹਰ ਸਾਲ ਉਪਭੋਗਤਾ ਫੀਸ ਅਤੇ ਜੁਰਮਾਨੇ ਆਪਣੇ ਆਪ 5% ਵਧ ਜਾਣਗੇ। ਇਸ ਦਾ ਮਤਲਬ ਹੈ ਕਿ ਮੌਜੂਦਾ ਦਰਾਂ ਸਥਾਈ ਨਹੀਂ ਰਹਿਣਗੀਆਂ।

30 ਦਿਨਾਂ ਵਿੱਚ ਭੁਗਤਾਨ ਨਾ ਕਰਨ ’ਤੇ 10% ਸਰਚਾਰਜ

ਬਿੱਲ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਉਪਭੋਗਤਾ ਫੀਸ ਦਾ ਭੁਗਤਾਨ ਨਾ ਕਰਨ ’ਤੇ 10% ਲੇਟ ਪੇਮੈਂਟ ਸਰਚਾਰਜ ਵੀ ਲੱਗੇਗਾ। ਇਹ ਰਕਮ ਪਾਣੀ ਦੇ ਬਿੱਲ ਜਾਂ ਜਾਇਦਾਦ ਟੈਕਸ ਦੇ ਨਾਲ ਇਕੱਠੀ ਕੀਤੀ ਜਾ ਸਕਦੀ ਹੈ।

22 ਸਤੰਬਰ ਨੂੰ ਹਾਊਸ ਮੀਟਿੰਗ ਵਿੱਚ ਏਜੰਡਾ

ਇਸ ਸਬੰਧੀ ਇੱਕ ਸੰਬੰਧਿਤ ਏਜੰਡਾ 22 ਸਤੰਬਰ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।