ਕੈਂਸਰ ਦੀਆਂ 397 ਦਵਾਈਆਂ ਦੇ ਭਾਅ ਘਟੇ, ਨਵੀਆਂ ਕੀਮਤਾਂ 9 ਨਵੰਬਰ ਤੋਂ ਹੋਣਗੀਆਂ ਲਾਗੂ
- ਪੰਜਾਬ
- (Asia/Kolkata)
217 ਦਵਾਈਆਂ ਦੀਆਂ ਕੀਮਤਾਂ ਅੱਧੇ ਤੋਂ ਵੀ ਘੱਟ ਹੋਈਆਂ; ਇੱਕ ਇੰਜੈਕਸ਼ਨ ਦਾ ਭਾਅ ₹80,071 ਤੋਂ ਘਟ ਕੇ ₹7,150 ਹੋਇਆ
ਚੰਡੀਗੜ੍ਹ, 29 ਅਕਤੂਬਰ 2026 (ਵਿਸ਼ਵ ਵਾਰਤਾ): ਦੇਸ਼ ਵਿੱਚ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਦੇ ਫ਼ੈਸਲੇ ਤੋਂ ਬਾਅਦ 543 ਦਵਾਈਆਂ ਦੇ ਬ੍ਰਾਂਡਾਂ ਅਤੇ ਪੈਕਾਂ ਦੀਆਂ ਕੀਮਤਾਂ ਵਿੱਚ ਤਬਦੀਲੀ ਹੋਈ ਹੈ। ਇਨ੍ਹਾਂ ਵਿੱਚੋਂ 397 ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਜਦਕਿ 146 ਬ੍ਰਾਂਡਾਂ ਅਤੇ ਪੈਕਾਂ ਦੇ ਭਾਅ ਪਹਿਲਾਂ ਵਾਂਗ ਹੀ ਰਹਿਣਗੇ।
ਜਾਣਕਾਰੀ ਅਨੁਸਾਰ, 217 ਦਵਾਈਆਂ ਦੀਆਂ ਕੀਮਤਾਂ ਅੱਧੇ ਤੋਂ ਵੀ ਘੱਟ ਹੋ ਗਈਆਂ ਹਨ। ਇਸ ਤੋਂ ਇਲਾਵਾ, 97 ਬ੍ਰਾਂਡਾਂ ਦੇ ਭਾਅ 70 ਫ਼ੀਸਦੀ ਤੋਂ ਵੱਧ ਅਤੇ 50 ਬ੍ਰਾਂਡਾਂ ਦੇ ਭਾਅ 80 ਫ਼ੀਸਦੀ ਤੋਂ ਵੱਧ ਘਟਾਏ ਗਏ ਹਨ। ਪੰਜ ਦਵਾਈਆਂ ਦੀਆਂ ਕੀਮਤਾਂ ਵਿੱਚ 90 ਫ਼ੀਸਦੀ ਤੋਂ ਵੱਧ ਕਟੌਤੀ ਕੀਤੀ ਗਈ ਹੈ।
ਸੈਮਟੇਪਾ ਇੰਜੈਕਸ਼ਨ ਦੀ ਕੀਮਤ ₹80,071 ਤੋਂ ਘਟ ਕੇ ₹7,150
ਸਭ ਤੋਂ ਵੱਡੀ ਕਟੌਤੀ ਸੈਮਟੇਪਾ (Samtepa) ਇੰਜੈਕਸ਼ਨ ਦੀ ਕੀਮਤ ਵਿੱਚ ਹੋਈ ਹੈ। ਇਸ ਦਾ ਭਾਅ ₹80,071 ਤੋਂ ਘਟਾ ਕੇ ₹7,150 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੈਲਬੋਪ੍ਰੋ (Palbopro) ਦੇ 21 ਕੈਪਸੂਲਾਂ ਵਾਲੇ ਪੈਕ ਦੀ ਕੀਮਤ ₹40,421 ਤੋਂ ਘਟਾ ਕੇ ₹2,720 ਕਰ ਦਿੱਤੀ ਗਈ ਹੈ।
9 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ NPPA ਤੋਂ ਦਵਾਈਆਂ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਬਾਰੇ ਸਵਾਲ ਕੀਤੇ ਸਨ। ਇਸ ਤੋਂ ਬਾਅਦ ਕੰਪਨੀਆਂ ਨੇ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ, ਜੋ 9 ਨਵੰਬਰ ਤੋਂ ਲਾਗੂ ਹੋਣਗੀਆਂ।
ਇਸ ਤੋਂ ਇਲਾਵਾ, ਸਰਕਾਰ ਨੇ ਕੈਂਸਰ ਦੀਆਂ 137 ਦਵਾਈਆਂ ਦੇ ਵਪਾਰਕ ਮਾਰਜਿਨ ਨੂੰ ਵੱਧ ਤੋਂ ਵੱਧ ਪ੍ਰਚੂਨ ਕੀਮਤ (MRP) ਦੇ 30 ਫ਼ੀਸਦੀ ਤੱਕ ਸੀਮਤ ਕੀਤਾ ਹੈ।