Mad Sandhu Murder Case: ਕਤਲ ਕਾਂਡ ਦਾ ਲੋੜੀਂਦਾ ਮੁਲਜ਼ਮ ਸਾਥੀ ਸਮੇਤ ਗ੍ਰਿਫ਼ਤਾਰ, ਬੌਲੀਵੁੱਡ ਅਦਾਕਾਰ ’ਤੇ ਹਮਲੇ ਦੀ ਵੀ ਸੀ ਯੋਜਨਾ

Mad Sandhu Murder Case: ਕਤਲ ਕਾਂਡ ਦਾ ਲੋੜੀਂਦਾ ਮੁਲਜ਼ਮ ਸਾਥੀ ਸਮੇਤ ਗ੍ਰਿਫ਼ਤਾਰ, ਬੌਲੀਵੁੱਡ ਅਦਾਕਾਰ ’ਤੇ ਹਮਲੇ ਦੀ ਵੀ ਸੀ ਯੋਜਨਾ

ਦਿੱਲੀ ਪੁਲੀਸ ਨੇ ਗੈਂਗਸਟਰ ਅਨਿਲ ਪੰਡਿਤ ਅਤੇ ਰਣਦੀਪ ਮਲਿਕ ਨਾਲ ਜੁੜੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਇੰਸਟਾਗ੍ਰਾਮ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੁਲੀਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਦੋਵਾਂ ਦੀ ਗ੍ਰਿਫ਼ਤਾਰੀ ਨਾਲ ਦਿੱਲੀ ਦੇ ਇੱਕ ਕਾਰੋਬਾਰੀ ਤੋਂ ਫਿਰੌਤੀ ਵਸੂਲਣ ਲਈ ਗੋਲੀਬਾਰੀ ਕਰਨ ਅਤੇ ਮੁੰਬਈ ਵਿੱਚ ਇੱਕ ਬੌਲੀਵੁੱਡ ਅਦਾਕਾਰ ’ਤੇ ਹਮਲਾ ਕਰਨ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ।

ਪੁਲੀਸ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ 1984 ਦੇ ਸਬੰਧ ਵਿੱਚ ਕਥਿਤ ਸਿੱਖ ਵਿਰੋਧੀ ਟਿੱਪਣੀਆਂ ਨੂੰ ਲੈ ਕੇ ਇੱਕ ਬੌਲੀਵੁੱਡ ਅਦਾਕਾਰ ’ਤੇ ਹਮਲਾ ਕਰਨ ਲਈ ਮੁੰਬਈ ਵਿੱਚ ਮੌਜੂਦ ਸੀ। ਪਹਿਲੇ ਮੁਲਜ਼ਮ ਦੀ ਪਛਾਣ ਵਿਕਾਸ ਠਾਕੁਰ ਉਰਫ਼ ਵਿੱਕੀ (25) ਵਜੋਂ ਹੋਈ ਹੈ। ਉਸ ਨੂੰ ਦਿੱਲੀ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਨਿਰਦੇਸ਼ਾਂ ’ਤੇ ਸਥਾਨਕ ਕਾਰੋਬਾਰੀ ’ਤੇ ਗੋਲੀਬਾਰੀ ਕਰਨ ਦੀ ਤਿਆਰੀ ਕਰ ਰਿਹਾ ਸੀ।

ਵਿਕਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਪੈਸ਼ਲ ਸੈੱਲ ਨੇ ਉਸ ਦੇ ਸਾਥੀ ਦੀਪ ਉਰਫ਼ ਦੀਪਕ ਸਿੰਘ ਨੂੰ ਮੁੰਬਈ ਤੋਂ ਕਾਬੂ ਕਰ ਲਿਆ। ਪੁਲੀਸ ਅਨੁਸਾਰ, ਮੈਡ ਸੰਧੂ ਦੇ ਕਤਲ ਤੋਂ ਬਾਅਦ ਦੀਪ ਮੁੰਬਈ ਵਿੱਚ ਲੁਕਿਆ ਹੋਇਆ ਸੀ। ਉਸ ਨੂੰ 1984 ਬਾਰੇ ਕਥਿਤ ਸਿੱਖ ਵਿਰੋਧੀ ਟਿੱਪਣੀਆਂ ਨੂੰ ਲੈ ਕੇ ਬੌਲੀਵੁੱਡ ਅਦਾਕਾਰ ’ਤੇ ਗੋਲੀਬਾਰੀ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਗੈਂਗਸਟਰ ਨੇ ਕਥਿਤ ਤੌਰ ’ਤੇ ਉਸ ਨੂੰ ਹਮਲੇ ਨੂੰ ਅੰਜਾਮ ਦੇਣ ਤੱਕ ਮੁੰਬਈ ਵਿੱਚ ਹੀ ਲੁਕੇ ਰਹਿਣ ਦੀ ਹਦਾਇਤ ਦਿੱਤੀ ਸੀ।

ਪੁਲੀਸ ਨੇ ਦੱਸਿਆ ਕਿ ਵਿਕਾਸ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਕਰਨ ਲਈ ਮੁੰਬਈ ਤੋਂ ਦਿੱਲੀ ਆਇਆ ਸੀ, ਜਦਕਿ ਦੀਪ ਨੇ ਬਾਅਦ ਵਿੱਚ ਉਸ ਨਾਲ ਸ਼ਾਮਲ ਹੋਣਾ ਸੀ। ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ 3 ਨਵੰਬਰ ਨੂੰ ਸਪੈਸ਼ਲ ਸੈੱਲ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲੀਸ ਮੁਤਾਬਕ, ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਵਿਕਾਸ 2001 ਵਿੱਚ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਸਕੂਲ ਦੇ ਸ਼ੁਰੂਆਤੀ ਸਾਲਾਂ ਵਿੱਚ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਨਿਗਰਾਨੀ ਨਾ ਹੋਣ ਕਾਰਨ ਬੁਰੀ ਸੰਗਤ ਵਿੱਚ ਪੈ ਗਿਆ।

ਪੁਲੀਸ ਅਨੁਸਾਰ, 2023 ਵਿੱਚ ਉਸ ਨੇ ਕਥਿਤ ਤੌਰ ’ਤੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਨਾਜਾਇਜ਼ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਸਨ। ਬਿਸ਼ਨੋਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਗੈਂਗਸਟਰ ਅਨਿਲ ਪੰਡਿਤ ਅਤੇ ਰਣਦੀਪ ਮਲਿਕ ਨਾਲ ਜੁੜ ਗਿਆ। ਉਹ ਕਥਿਤ ਤੌਰ ’ਤੇ ਇਨ੍ਹਾਂ ਗੈਂਗਸਟਰਾਂ ਲਈ ਮੈਂਬਰਾਂ ਦੀ ਭਰਤੀ ਕਰਦਾ ਸੀ, ਹਥਿਆਰਾਂ ਦਾ ਪ੍ਰਬੰਧ ਕਰਕੇ ਸਪਲਾਈ ਕਰਦਾ ਸੀ ਅਤੇ ਫਿਰੌਤੀ ਦੇ ਨਿਸ਼ਾਨਿਆਂ ਦੀ ਰੇਕੀ ਕਰਦਾ ਸੀ।

ਦੂਜੇ ਪਾਸੇ, ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਦੀਪ ਪਹਿਲਾਂ ਟਰੱਕ ਹੈਲਪਰ ਅਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਇੱਕ ਸਥਾਨਕ ਗੈਂਗ ਮੈਂਬਰ ਰਾਹੀਂ ਉਸ ਦੀ ਜਾਣ-ਪਛਾਣ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਾਲ ਹੋਈ ਸੀ ਅਤੇ ਬਾਅਦ ਵਿੱਚ ਉਹ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਹੋ ਗਿਆ।

ਪੁਲੀਸ ਅਨੁਸਾਰ, 3 ਅਕਤੂਬਰ ਨੂੰ ਦੀਪ ਨੇ ਆਪਣੇ ਸਾਥੀ ਪਲਵਿੰਦਰ ਉਰਫ਼ ਕਾਕਾ ਨਾਲ ਮਿਲ ਕੇ ਅੰਮ੍ਰਿਤਸਰ ਵਿੱਚ ਇੰਸਟਾਗ੍ਰਾਮ ਇੰਫਲੂਐਂਸਰ ਮੈਡ ਸੰਧੂ ’ਤੇ ਹਮਲਾ ਕੀਤਾ ਸੀ। ਇਸ ਗੋਲੀਬਾਰੀ ਵਿੱਚ ਸੰਧੂ ਦੀ ਮੌਤ ਹੋ ਗਈ ਸੀ, ਜਦਕਿ ਪਲਵਿੰਦਰ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੀਪ ਕਥਿਤ ਤੌਰ ’ਤੇ ਫਰਾਰ ਹੋ ਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਚਲਾ ਗਿਆ ਸੀ।

ਪੁਲੀਸ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਦੀਪ ਨੂੰ ਮੁੰਬਈ ਵਿੱਚ ਹੀ ਰਹਿਣ ਲਈ ਕਿਹਾ ਸੀ, ਤਾਂ ਜੋ ਉਸ ਦੀ ਵਰਤੋਂ ਬੌਲੀਵੁੱਡ ਅਦਾਕਾਰ ’ਤੇ ਯੋਜਨਾਬੱਧ ਹਮਲੇ ਲਈ ਕੀਤੀ ਜਾ ਸਕੇ।