US Flight Cancellations: ਅਮਰੀਕਾ ’ਚ ਹਵਾਈ ਆਵਾਜਾਈ ਠੱਪ, 6,000 ਤੋਂ ਵੱਧ ਉਡਾਣਾਂ ਰੱਦ; ਐਤਵਾਰ ਰਾਤ ਤੱਕ ਬਹਾਲੀ ਦੀ ਉਮੀਦ

US Flight Cancellations: ਅਮਰੀਕਾ ’ਚ ਹਵਾਈ ਆਵਾਜਾਈ ਠੱਪ, 6,000 ਤੋਂ ਵੱਧ ਉਡਾਣਾਂ ਰੱਦ; ਐਤਵਾਰ ਰਾਤ ਤੱਕ ਬਹਾਲੀ ਦੀ ਉਮੀਦ

ਅਮਰੀਕਾ ਵਿੱਚ ਏਅਰ ਟਰੈਫਿਕ ਕੰਟਰੋਲ ਪ੍ਰਣਾਲੀ ਵਿੱਚ ਤਕਨੀਕੀ ਖ਼ਰਾਬੀ ਕਾਰਨ ਹਵਾਈ ਆਵਾਜਾਈ ਠੱਪ ਹੋਣ ਤੋਂ ਬਾਅਦ ਸ਼ਨਿੱਚਰਵਾਰ ਨੂੰ 6,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਦੁਨੀਆ ਭਰ ਵਿੱਚ ਹਵਾਈ ਸਫ਼ਰ ਪ੍ਰਭਾਵਿਤ ਹੋਇਆ। ਹਾਲਾਂਕਿ, ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਦੇ ਮੁਖੀ ਬ੍ਰਾਇਨ ਬੈੱਡਫੋਰਡ ਨੇ ਉਮੀਦ ਜਤਾਈ ਹੈ ਕਿ ਐਤਵਾਰ ਰਾਤ ਤੱਕ ਦੇਸ਼ ਵਿੱਚ ਹਵਾਈ ਸੇਵਾਵਾਂ ਮੁੜ ਆਮ ਵਾਂਗ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਕਟ ਦਾ ਸਭ ਤੋਂ ਔਖਾ ਦੌਰ ਲੰਘ ਚੁੱਕਾ ਹੈ। ਪਿਛਲੇ 25 ਸਾਲਾਂ ਵਿੱਚ ਅਮਰੀਕਾ ਵਿੱਚ ਹਵਾਈ ਆਵਾਜਾਈ ’ਤੇ ਲੱਗੀ ਇਹ ਸਭ ਤੋਂ ਲੰਬੀ ਰੋਕ ਸੀ।

ਤਕਨੀਕੀ ਖ਼ਰਾਬੀ ਕਾਰਨ ਚਾਰ ਘੰਟਿਆਂ ਤੋਂ ਵੱਧ ਸਮਾਂ ਰੁਕੀ ਹਵਾਈ ਆਵਾਜਾਈ

ਅਮਰੀਕਾ ਦੇ ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਦੱਸਿਆ ਕਿ ਇਹ ਸਮੱਸਿਆ ਉਸ ਸਮੇਂ ਸ਼ੁਰੂ ਹੋਈ, ਜਦੋਂ ਠੇਕੇਦਾਰ ਕੰਪਨੀ L3Harris Technologies Inc ਏਅਰ ਟਰੈਫਿਕ ਕੰਟਰੋਲ ਪ੍ਰਣਾਲੀ ਵਿੱਚ ਵਰਤੀਆਂ ਜਾਣ ਵਾਲੀਆਂ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਦੇ ਇੱਕ ਹਿੱਸੇ ਨੂੰ ਨਵੀਆਂ ਫਾਈਬਰ ਆਪਟਿਕ ਤਾਰਾਂ ਨਾਲ ਬਦਲ ਰਹੀ ਸੀ।

ਇਸ ਪ੍ਰਕਿਰਿਆ ਦੌਰਾਨ ਪ੍ਰਣਾਲੀ ’ਤੇ ਅਚਾਨਕ ਵਾਧੂ ਦਬਾਅ ਪੈ ਗਿਆ, ਜਿਸ ਕਾਰਨ ਸੰਚਾਰ ਵਿਵਸਥਾ ਅਤੇ ਰਾਡਾਰ ਪ੍ਰਣਾਲੀ ਵਿੱਚ ਰੁਕ-ਰੁਕ ਕੇ ਵਿਘਨ ਪੈਣ ਲੱਗਾ। ਇਸ ਦੇ ਨਤੀਜੇ ਵਜੋਂ ਸਰਕਾਰ ਨੂੰ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਹਵਾਈ ਆਵਾਜਾਈ ਪੂਰੀ ਤਰ੍ਹਾਂ ਰੋਕਣੀ ਪਈ।

ਸੀਨ ਡਫੀ ਨੇ ਕਿਹਾ ਕਿ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਇਸ ਸਮੱਸਿਆ ਪਿੱਛੇ ਠੇਕੇਦਾਰ ਦੀ ਅਣਗਹਿਲੀ ਸੀ ਜਾਂ ਕੋਈ ਖ਼ਰਾਬ ਰਾਊਟਰ ਇਸ ਦਾ ਕਾਰਨ ਬਣਿਆ। ਦੂਜੇ ਪਾਸੇ, ਕੰਪਨੀ ਨੇ ਕਿਹਾ ਹੈ ਕਿ ਉਹ FAA ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ।

6,000 ਤੋਂ ਵੱਧ ਉਡਾਣਾਂ ਰੱਦ, ਰੋਜ਼ਾਨਾ ਉਡਾਣਾਂ ਦਾ ਚੌਥਾ ਹਿੱਸਾ ਪ੍ਰਭਾਵਿਤ

ਉਡਾਣਾਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’ (FlightAware) ਅਨੁਸਾਰ, ਸ਼ਨਿੱਚਰਵਾਰ ਨੂੰ ਅਮਰੀਕਾ ਵਿੱਚ 6,000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਬਾਜ਼ੀ ਸਲਾਹਕਾਰ ਐਂਡਰਿਊ ਚਾਰਲਟਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੱਗੀ ਇਸ ਰੋਕ ਕਾਰਨ ਅਮਰੀਕਾ ਵਿੱਚ ਰੋਜ਼ਾਨਾ ਚੱਲਣ ਵਾਲੀਆਂ ਲਗਭਗ 45,000 ਉਡਾਣਾਂ ਵਿੱਚੋਂ ਕਰੀਬ ਇੱਕ ਚੌਥਾਈ ਪ੍ਰਭਾਵਿਤ ਹੋਈਆਂ ਹਨ।

ਇਸ ਤੋਂ ਪਹਿਲਾਂ ਜਨਵਰੀ 2023 ਵਿੱਚ ਕੰਪਿਊਟਰ ਪ੍ਰਣਾਲੀ ਵਿੱਚ ਖ਼ਰਾਬੀ ਕਾਰਨ ਦੇਸ਼ ਵਿਆਪੀ ਹਵਾਈ ਰੋਕ ਲਗਾਈ ਗਈ ਸੀ। ਇਹ 11 ਸਤੰਬਰ, 2001 ਦੇ ਅਤਿਵਾਦੀ ਹਮਲਿਆਂ ਤੋਂ ਬਾਅਦ ਅਜਿਹੀ ਦੂਜੀ ਘਟਨਾ ਸੀ।

ਹਵਾਈ ਅੱਡਿਆਂ ’ਤੇ ਫਸੇ ਯਾਤਰੀਆਂ ਨੇ ਬੱਸਾਂ ਅਤੇ ਰੇਲ ਗੱਡੀਆਂ ਦਾ ਲਿਆ ਸਹਾਰਾ

ਹਵਾਈ ਅੱਡਿਆਂ ’ਤੇ ਫਸੇ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇਂ ਰਸਤੇ ਲੱਭਣੇ ਪਏ। ਕਈ ਯਾਤਰੀਆਂ ਨੇ ਹੋਟਲਾਂ ਜਾਂ ਹਵਾਈ ਅੱਡਿਆਂ ’ਤੇ ਹੀ ਰਾਤ ਕੱਟੀ, ਜਦਕਿ ਕਈਆਂ ਨੇ ਕਿਰਾਏ ਦੀਆਂ ਕਾਰਾਂ, ਬੱਸਾਂ ਅਤੇ ਰੇਲ ਗੱਡੀਆਂ ਦਾ ਸਹਾਰਾ ਲਿਆ।

ਇਸ ਹਵਾਈ ਸੰਕਟ ਦਾ ਅਸਰ ਖੇਡ ਮੁਕਾਬਲਿਆਂ ’ਤੇ ਵੀ ਪਿਆ। ਕਈ ਖੇਡ ਟੀਮਾਂ ਦੇ ਕਾਰਜਕ੍ਰਮ ਪ੍ਰਭਾਵਿਤ ਹੋਏ ਅਤੇ ਕਈ ਕਾਲਜ ਫੁੱਟਬਾਲ ਮੁਕਾਬਲਿਆਂ ਨੂੰ ਘੰਟਿਆਂ ਬੱਧੀ ਜਾਂ ਅਗਲੇ ਦਿਨ ਤੱਕ ਮੁਲਤਵੀ ਕਰਨਾ ਪਿਆ।