Canada Truck Accident: ਤੇਜ਼ ਰਫ਼ਤਾਰ ਕਾਰਨ ਜਾਨਲੇਵਾ ਹਾਦਸੇ ’ਚ ਪੰਜਾਬੀ ਟਰੱਕ ਡਰਾਈਵਰ ਗੁਰਸ਼ਰਨ ਸਿੰਘ ਦੋਸ਼ੀ ਕਰਾਰ

Canada Truck Accident: ਤੇਜ਼ ਰਫ਼ਤਾਰ ਕਾਰਨ ਜਾਨਲੇਵਾ ਹਾਦਸੇ ’ਚ ਪੰਜਾਬੀ ਟਰੱਕ ਡਰਾਈਵਰ ਗੁਰਸ਼ਰਨ ਸਿੰਘ ਦੋਸ਼ੀ ਕਰਾਰ

ਕੈਨੇਡਾ ਦੇ ਸੂਬੇ ਓਨਟਾਰੀਓ ਦੇ ਉੱਤਰੀ ਹਿੱਸੇ ਵਿੱਚ ਵਾਪਰੇ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿੱਚ ਅਦਾਲਤ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਸ਼ਰਨ ਸਿੰਘ ਨੂੰ ‘ਖ਼ਤਰਨਾਕ ਡਰਾਈਵਿੰਗ ਕਾਰਨ ਮੌਤ’ (Dangerous Driving Causing Death) ਦਾ ਦੋਸ਼ੀ ਕਰਾਰ ਦਿੱਤਾ ਹੈ। ਥੰਡਰ ਬੇਅ ਸਥਿਤ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਦੇ ਜੱਜ ਐੱਫ. ਬਰੂਸ ਫਿਟਜ਼ਪੈਟ੍ਰਿਕ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਗੁਰਸ਼ਰਨ ਸਿੰਘ ਦੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਇਸ ਹਾਦਸੇ ਦਾ ਮੁੱਖ ਕਾਰਨ ਬਣੀ।

ਇਹ ਹਾਦਸਾ ਜਨਵਰੀ 2023 ਦੀ ਇੱਕ ਸਵੇਰ ਨੂੰ ਟੈਰੇਸ ਬੇਅ (Terrace Bay) ਤੋਂ ਲਗਭਗ 27 ਕਿਲੋਮੀਟਰ ਪੂਰਬ ਵੱਲ ਸਟੀਲ ਰਿਵਰ ਪੁਲ ਨੇੜੇ ਹਾਈਵੇਅ 17 ’ਤੇ ਵਾਪਰਿਆ ਸੀ। ਉਸ ਸਮੇਂ 24 ਸਾਲਾ ਗੁਰਸ਼ਰਨ ਸਿੰਘ ਸਾਮਾਨ ਨਾਲ ਲੱਦਿਆ ਫ੍ਰੇਟਲਾਈਨਰ (Freightliner) ਟਰੱਕ ਪੱਛਮ ਵੱਲ ਲਿਜਾ ਰਿਹਾ ਸੀ। ਇਸੇ ਦੌਰਾਨ ਦੂਜੇ ਪਾਸਿਓਂ 64 ਸਾਲਾ ਆਰਥਰ ਮੀਨਨ ਆਪਣੀ ਪਤਨੀ ਨਾਲ ਫੋਰਡ ਐਕਸਪੀਡੀਸ਼ਨ (Ford Expedition) ਗੱਡੀ ਵਿੱਚ ਪੂਰਬ ਵੱਲ ਜਾ ਰਹੇ ਸਨ।

ਅਦਾਲਤੀ ਰਿਕਾਰਡ ਅਤੇ ਜਾਂਚ ਮੁਤਾਬਕ ਹਾਦਸੇ ਵਾਲੇ ਦਿਨ ਤਾਪਮਾਨ ਮਨਫ਼ੀ 21 ਡਿਗਰੀ ਸੈਲਸੀਅਸ ਸੀ ਅਤੇ ਸੜਕ ਗਿੱਲੀ ਸੀ। ਪੁਲੀਸ ਅਧਿਕਾਰੀਆਂ ਦੀ ਗਵਾਹੀ ਅਤੇ ਟਰੱਕ ਦੇ ਆਨ-ਬੋਰਡ ਕੰਪਿਊਟਰ ਡਾਟਾ ਤੋਂ ਪਤਾ ਲੱਗਾ ਕਿ ਉਸ ਸੜਕ ’ਤੇ ਨਿਰਧਾਰਤ ਰਫ਼ਤਾਰ ਸੀਮਾ 90 ਕਿਲੋਮੀਟਰ ਪ੍ਰਤੀ ਘੰਟਾ ਅਤੇ ਚੇਤਾਵਨੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਦੇ ਬਾਵਜੂਦ ਗੁਰਸ਼ਰਨ ਸਿੰਘ ਢਲਾਣ ’ਤੇ ਟਰੱਕ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ।

ਪੁਲ ਪਾਰ ਕਰਦੇ ਸਮੇਂ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟ੍ਰੇਲਰ ਦੇ ਮੁੜਨ (Jackknife) ਕਾਰਨ ਟਰੱਕ ਸੜਕ ਦੀ ਵਿਚਕਾਰਲੀ ਲਾਈਨ ਪਾਰ ਕਰ ਗਿਆ। ਇਸ ਦੌਰਾਨ ਸਾਹਮਣਿਓਂ ਆ ਰਹੀ ਆਰਥਰ ਮੀਨਨ ਦੀ ਗੱਡੀ ਨਾਲ ਉਸ ਦੀ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਆਰਥਰ ਮੀਨਨ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੱਕ ਦੇ ਡੈਸ਼ ਕੈਮਰੇ ਦੀ ਫੁਟੇਜ ਨੇ ਵੀ ਹਾਦਸੇ ਦੀਆਂ ਘਟਨਾਵਾਂ ਸਪੱਸ਼ਟ ਕੀਤੀਆਂ।

ਬਚਾਅ ਪੱਖ ਦੀ ਦਲੀਲ ਅਦਾਲਤ ਨੇ ਕੀਤੀ ਰੱਦ

ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲ ਦੇ ਜੋੜ ਕਾਰਨ ਟਰੱਕ ਨੂੰ ਲੱਗੇ ਝਟਕੇ ਨਾਲ ਗੁਰਸ਼ਰਨ ਸਿੰਘ ਦਾ ਸੰਤੁਲਨ ਵਿਗੜਿਆ ਸੀ। ਉਨ੍ਹਾਂ ਕਿਹਾ ਕਿ ਇਹ ਤੇਜ਼ ਰਫ਼ਤਾਰ ਦਾ ਮਾਮਲਾ ਹੈ, ਨਾ ਕਿ ਖ਼ਤਰਨਾਕ ਡਰਾਈਵਿੰਗ ਦਾ।

ਹਾਲਾਂਕਿ, ਜੱਜ ਨੇ ਬਚਾਅ ਪੱਖ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਭਾਰੀ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਨੂੰ ਹਰ ਸਮੇਂ ਆਪਣੀ ਰਫ਼ਤਾਰ ਦਾ ਪਤਾ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਨੇ ਕੈਨੇਡਾ ਦੇ ਟਰੱਕਿੰਗ ਖੇਤਰ ਵਿੱਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਅਤੇ ਨੌਜਵਾਨ ਡਰਾਈਵਰਾਂ ਦੀ ਸਿਖਲਾਈ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਮੁੜ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਗੁਰਸ਼ਰਨ ਸਿੰਘ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।