ਅੰਡੇਮਾਨ-ਨਿਕੋਬਾਰ ਵਿੱਚ BIMSTEC ਦਾ ਪਹਿਲਾ ਜਲ ਸੈਨਾ ਅਭਿਆਸ ਸ਼ੁਰੂ, ਸੱਤ ਦੇਸ਼ਾਂ ਦੇ ਜੰਗੀ ਬੇੜੇ ਸ਼ਾਮਲ

ਅੰਡੇਮਾਨ-ਨਿਕੋਬਾਰ ਵਿੱਚ BIMSTEC ਦਾ ਪਹਿਲਾ ਜਲ ਸੈਨਾ ਅਭਿਆਸ ਸ਼ੁਰੂ, ਸੱਤ ਦੇਸ਼ਾਂ ਦੇ ਜੰਗੀ ਬੇੜੇ ਸ਼ਾਮਲ

ਬੰਗਾਲ ਦੀ ਖਾੜੀ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਮਜ਼ਬੂਤ ਕਰਨ ਅਤੇ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਤਾਲਮੇਲ ਵਧਾਉਣ ਲਈ ਭਾਰਤ ਵੱਲੋਂ BIMSTEC ਸਮੂਹ ਦੇ ਪਹਿਲੇ ਸਮੁੰਦਰੀ ਸੁਰੱਖਿਆ ਅਭਿਆਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਬਹੁ-ਪੱਖੀ ਜਲ ਸੈਨਾ ਅਭਿਆਸ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿੱਚ ਭਾਰਤ ਦੀ ਇਕਲੌਤੀ ਏਕੀਕ੍ਰਿਤ ਤਿੰਨੋਂ ਸੈਨਾਵਾਂ ਦੀ ਕਮਾਂਡ, ਅੰਡੇਮਾਨ ਅਤੇ ਨਿਕੋਬਾਰ ਕਮਾਂਡ (ANC) ਦੇ ਅਧਿਕਾਰ ਖੇਤਰ ਹੇਠ ਕਰਵਾਇਆ ਜਾ ਰਿਹਾ ਹੈ।

ਕੌਮਾਂਤਰੀ ਸਮੁੰਦਰੀ ਵਪਾਰਕ ਮਾਰਗਾਂ ਦੇ ਮੁਹਾਨੇ ’ਤੇ ਸਥਿਤ ਹੋਣ ਕਾਰਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਨੂੰ ਸਮੁੰਦਰੀ ਨਿਗਰਾਨੀ, ਮਾਨਵਤਾਵਾਦੀ ਸਹਾਇਤਾ, ਆਫ਼ਤ ਪ੍ਰਬੰਧਨ ਅਤੇ ਖੋਜ ਤੇ ਬਚਾਅ ਕਾਰਜਾਂ ਵਿੱਚ ਖੇਤਰੀ ਸੁਰੱਖਿਆ ਦਾ ਅਹਿਮ ਕੇਂਦਰ ਮੰਨਿਆ ਜਾਂਦਾ ਹੈ।

30 ਅਕਤੂਬਰ ਤੋਂ 3 ਨਵੰਬਰ ਤੱਕ ਚੱਲੇਗਾ ਅਭਿਆਸ

ਇਹ ਪੰਜ ਰੋਜ਼ਾ ਅਭਿਆਸ 30 ਅਕਤੂਬਰ ਨੂੰ ਸ਼ੁਰੂ ਹੋਇਆ ਹੈ ਅਤੇ 3 ਨਵੰਬਰ ਤੱਕ ਜਾਰੀ ਰਹੇਗਾ। ਇਸ ਵਿੱਚ BIMSTEC ਦੇ ਸਾਰੇ ਸੱਤ ਮੈਂਬਰ ਦੇਸ਼ ਭਾਰਤ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਹਿੱਸਾ ਲੈ ਰਹੇ ਹਨ।

ਇਸ ਅਭਿਆਸ ਦਾ ਆਦਰਸ਼ ਵਾਕ ‘ਸਾਂਝੇ ਸਮੁੰਦਰ, ਸਾਂਝੀ ਸੁਰੱਖਿਆ ਅਤੇ ਸਾਂਝੀ ਖ਼ੁਸ਼ਹਾਲੀ’ ਹੈ। ਰੱਖਿਆ ਮੰਤਰਾਲੇ ਅਨੁਸਾਰ, ਇਹ ਪਹਿਲਕਦਮੀ ਪਿਛਲੇ ਸਾਲ ਹੋਏ 6ਵੇਂ BIMSTEC ਸਿਖਰ ਸੰਮੇਲਨ ਦੇ ਟੀਚਿਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵੱਲ ਇੱਕ ਠੋਸ ਕਦਮ ਹੈ। ਇਸ ਨਾਲ ਸਮੁੰਦਰੀ ਸਹਿਯੋਗ ਅਤੇ ਕਾਰਜਸ਼ੀਲ ਸੰਪਰਕ ਨੂੰ ਨਵੀਂ ਦਿਸ਼ਾ ਮਿਲੇਗੀ।

ਸਮੁੰਦਰੀ ਸੁਰੱਖਿਆ ਅਤੇ ਫ਼ੌਜੀ ਤਾਲਮੇਲ ਵਧਾਉਣਾ ਮੁੱਖ ਉਦੇਸ਼

ਇਸ ਜਲ ਸੈਨਾ ਅਭਿਆਸ ਦਾ ਮੁੱਖ ਉਦੇਸ਼ ਭਾਗ ਲੈਣ ਵਾਲੀਆਂ ਫ਼ੌਜਾਂ ਵਿਚਾਲੇ ਆਪਸੀ ਕਾਰਜ-ਕੁਸ਼ਲਤਾ (ਇੰਟਰ-ਓਪਰੇਬਿਲਟੀ) ਵਿੱਚ ਸੁਧਾਰ ਕਰਨਾ, ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਵਧਾਉਣਾ ਅਤੇ ਸੰਕਟ ਦੇ ਸਮੇਂ ਤਾਲਮੇਲ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੈ।

ਇਸ ਤੋਂ ਇਲਾਵਾ, ਅਭਿਆਸ ਦੌਰਾਨ ਭਾਗੀਦਾਰ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਉੱਤਮ ਕਾਰਜ-ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।

```