ਬਿਨਾਂ ਲਾਇਸੈਂਸ ਚੱਲ ਰਹੇ ਪੋਲਟਰੀ ਫਾਰਮ, ਮੰਡੀ ਬੋਰਡ ਨੂੰ ਲੱਖਾਂ ਦਾ ਚੂਨਾ!
- ਰਾਸ਼ਟਰੀ
- (Asia/Kolkata)
ਰਾਜਪੁਰਾ, 17 ਨਵੰਬਰ (ਰਾਜੇਸ਼ ਡਾਹਰਾ ): ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਪੋਲਟਰੀ ਫਾਰਮਾਂ ਵੱਲੋਂ ਮੰਡੀ ਬੋਰਡ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਸਬੰਧੀ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਕਿਸੇ ਵੀ ਪੋਲਟਰੀ ਫਾਰਮ ਵੱਲੋਂ ਮੁਰਗੀਆਂ ਦੀ ਫੀਡ ਲਈ ਵਰਤੇ ਜਾਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਅਤੇ ਭੰਡਾਰਨ ਸਬੰਧੀ ਮਾਰਕੀਟ ਕਮੇਟੀ ਤੋਂ ਲਾਇਸੈਂਸ ਨਹੀਂ ਲਿਆ ਗਿਆ, ਜਿਸ ਕਾਰਨ ਮੰਡੀ ਬੋਰਡ ਨੂੰ ਹਰ ਮਹੀਨੇ ਲੱਖਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨ ਧਮੌਲੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਰਾਜਪੁਰਾ ਅਧੀਨ 88 ਪਿੰਡ ਆਉਂਦੇ ਹਨ। ਇਨ੍ਹਾਂ ਪਿੰਡਾਂ ਵਿੱਚ ਚੱਲ ਰਹੇ ਪੋਲਟਰੀ ਫਾਰਮਾਂ ਵੱਲੋਂ ਮੁਰਗੀਆਂ ਦੀ ਫੀਡ ਲਈ ਮੱਕੀ, ਕਣਕ, ਬਾਜਰਾ ਅਤੇ ਜਵਾਰ ਵਰਗੀਆਂ ਖੇਤੀਬਾੜੀ ਜਿਨਸਾਂ ਦੀ ਖਰੀਦ ਅਤੇ ਭੰਡਾਰਨ ਕਰਨ ਲਈ ਮੰਡੀ ਬੋਰਡ ਦੇ ਐਕਟ ਦੀ ਧਾਰਾ 10 ਤਹਿਤ ਮਾਰਕੀਟ ਕਮੇਟੀ ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਿਸੇ ਵੀ ਪੋਲਟਰੀ ਫਾਰਮ ਵੱਲੋਂ ਲਾਇਸੈਂਸ ਨਹੀਂ ਲਿਆ ਗਿਆ। ਮੱਕੀ ਦੀ ਖਰੀਦ 'ਤੇ 1 ਫੀਸਦੀ ਮਾਰਕੀਟ ਫੀਸ ਅਤੇ 2 ਫੀਸਦੀ ਦਿਹਾਤੀ ਵਿਕਾਸ ਫੰਡ, ਜਦਕਿ ਬਾਜਰਾ, ਜੌਂ ਅਤੇ ਜਵਾਰ 'ਤੇ 3 ਫੀਸਦੀ ਮਾਰਕੀਟ ਫੀਸ ਤੇ 3 ਫੀਸਦੀ ਦਿਹਾਤੀ ਵਿਕਾਸ ਫੰਡ ਲਾਗੂ ਹੁੰਦਾ ਹੈ। ਲਾਇਸੈਂਸ ਨਾ ਹੋਣ ਕਾਰਨ ਹੁਣ ਤੱਕ ਇਨ੍ਹਾਂ ਫਾਰਮਾਂ ਵੱਲੋਂ ਕੋਈ ਵੀ ਫੀਸ ਮਾਰਕੀਟ ਕਮੇਟੀ ਕੋਲ ਜਮ੍ਹਾਂ ਨਹੀਂ ਕਰਵਾਈ ਗਈ।
ਚੇਅਰਮੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਹਿਤਾ ਪੋਲਟਰੀ ਫਾਰਮ, ਪਹਿਰ, ਆਰ.ਕੇ. ਪੋਲਟਰੀ ਫਾਰਮ, ਪਬਰੀ, ਐਸ.ਕੇ. ਪੋਲਟਰੀ ਫਾਰਮ, ਬਠੌਣੀਆਂ, ਪਰਫੈਕਟ ਪੋਲਟਰੀ ਫਾਰਮ, ਬਠੌਣੀਆਂ, ਮਲਹੋਤਰਾ ਪੋਲਟਰੀ ਫਾਰਮ, ਬਠੌਣੀਆਂ, ਮਯੂਰ ਪੋਲਟਰੀ ਫਾਰਮ, ਬਠੌਣੀਆਂ ਅਤੇ ਗੋਲਡਨ ਪੋਲਟਰੀ ਫਾਰਮ, ਖਾਨਪੁਰ ਭੋਗਲਾਂ ਸਮੇਤ 8 ਪੋਲਟਰੀ ਫਾਰਮਾਂ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਲਾਇਸੈਂਸ ਲੈਣ ਲਈ ਕਿਹਾ ਗਿਆ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਲਾਇਸੈਂਸ ਲੈ ਕੇ ਬਣਦੀ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਬਣਦੀ ਫੀਸ ਦੇ ਨਾਲ ਜੁਰਮਾਨਾ ਵੀ ਵਸੂਲਿਆ ਜਾਵੇਗਾ। ਧਮੌਲੀ ਨੇ ਕਿਹਾ ਕਿ ਮੰਡੀ ਬੋਰਡ ਦੇ ਨਿਯਮਾਂ ਦੀ ਉਲੰਘਣਾ ਅਤੇ ਫੀਸ ਦੀ ਚੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਆਪ ਆਗੂ ਮਨੀਸ਼ ਸੂਦ, ਸੁਰਿੰਦਰ ਸਿੰਘ ਬੰਟੀ ਖਾਨਪੁਰ ਅਤੇ ਕੀਰਤ ਸਿੰਘ ਸੇਹਰਾ ਵੀ ਮੌਜੂਦ ਸਨ।