DIG Harcharan Singh Bhullar Money Laundering Case: ED ਵੱਲੋਂ ਪੰਜਾਬ ਦੇ 7 ਮੌਜੂਦਾ ਤੇ ਸੇਵਾਮੁਕਤ IAS-IPS ਅਧਿਕਾਰੀਆਂ ਨੂੰ ਸੰਮਨ

DIG Harcharan Singh Bhullar Money Laundering Case: ED ਵੱਲੋਂ ਪੰਜਾਬ ਦੇ 7 ਮੌਜੂਦਾ ਤੇ ਸੇਵਾਮੁਕਤ IAS-IPS ਅਧਿਕਾਰੀਆਂ ਨੂੰ ਸੰਮਨ

ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ 7 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਆਈ.ਏ.ਐੱਸ. (IAS), ਆਈ.ਪੀ.ਐੱਸ. (IPS) ਅਤੇ ਪੀ.ਸੀ.ਐੱਸ. (PCS) ਅਧਿਕਾਰੀ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ, ED ਇਸ ਮਾਮਲੇ ਵਿੱਚ ਹਰਚਰਨ ਸਿੰਘ ਭੁੱਲਰ ਦੇ ਸਹਾਇਕ ਕ੍ਰਿਸ਼ਨੂ ਸ਼ਾਰਦਾ ਨਾਲ ਇਨ੍ਹਾਂ ਅਧਿਕਾਰੀਆਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਕ੍ਰਿਸ਼ਨੂ ਸ਼ਾਰਦਾ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ED ਨੇ ਸਾਰੇ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਵੱਖ-ਵੱਖ ਤਰੀਕਾਂ ’ਤੇ ਤਲਬ ਕੀਤਾ ਗਿਆ ਹੈ।

ਕਿਹੜੇ ਅਧਿਕਾਰੀ ਨੂੰ ਕਦੋਂ ਕੀਤਾ ਗਿਆ ਤਲਬ?

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਪ੍ਰਸ਼ਾਸਕੀ ਸਕੱਤਰ ਵਜੋਂ ਤਾਇਨਾਤ 2000 ਬੈਚ ਦੇ IAS ਅਧਿਕਾਰੀ ਕੁਮਾਰ ਰਾਹੁਲ ਨੂੰ 23 ਨਵੰਬਰ (ਸੋਮਵਾਰ) ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਦੇ ਸਟਾਫ਼ ਅਫ਼ਸਰ ਵਜੋਂ ਤਾਇਨਾਤ PCS ਅਧਿਕਾਰੀ ਆਨੰਦ ਸਾਗਰ ਸ਼ਰਮਾ ਨੂੰ 25 ਨਵੰਬਰ ਨੂੰ ED ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ, 2016 ਬੈਚ ਦੀ IAS ਅਧਿਕਾਰੀ ਅਤੇ ਜਨਰਲ ਪ੍ਰਸ਼ਾਸਨ ਤੇ ਤਾਲਮੇਲ ਵਿਭਾਗ ਦੀ ਵਿਸ਼ੇਸ਼ ਸਕੱਤਰ ਨੀਰੂ ਕਤਿਆਲ ਗੁਪਤਾ ਅਤੇ ਫਾਜ਼ਿਲਕਾ ਦੇ SSP (PPS) ਗਗਨ ਅਜੀਤ ਸਿੰਘ ਨੂੰ 26 ਨਵੰਬਰ ਨੂੰ ਤਲਬ ਕੀਤਾ ਗਿਆ ਹੈ।

2009 ਬੈਚ ਦੇ IPS ਅਧਿਕਾਰੀ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ 27 ਨਵੰਬਰ ਨੂੰ ED ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਦੋ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਸੰਮਨ

ਇਸ ਮਾਮਲੇ ਦੀ ਜਾਂਚ ਤਹਿਤ ED ਨੇ ਦੋ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਹੈ। 2005 ਬੈਚ ਦੇ ਅਧਿਕਾਰੀ ਗੁਰਪ੍ਰੀਤ ਸਪਰਾ ਨੂੰ 26 ਨਵੰਬਰ ਨੂੰ, ਜਦਕਿ 2004 ਬੈਚ ਦੇ ਅਧਿਕਾਰੀ ਅਰੁਣ ਸੇਖੜੀ ਨੂੰ 25 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।