Algran Bridge: ਦੋ-ਪਹੀਆ ਵਾਹਨਾਂ ਲਈ ਖੁੱਲ੍ਹਿਆ ਐਲਗਰਾਂ ਪੁਲ, ਨਵੰਬਰ ਦੇ ਆਖ਼ਰੀ ਹਫ਼ਤੇ ਪੂਰੀ ਤਰ੍ਹਾਂ ਖੁੱਲ੍ਹਣ ਦੀ ਆਸ
- ਪੰਜਾਬ
- (Asia/Kolkata)
ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੀ ਨੰਗਲ-ਐਲਗਰਾਂ-ਕਲਵਾਂ ਮੋੜ ਸੜਕ ’ਤੇ ਸਵਾਂ ਨਦੀ ਉੱਪਰ ਬਣੇ ਐਲਗਰਾਂ ਪੁਲ ਤੋਂ ਦੋ-ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਪੁਲ ਦੀ ਮੁਰੰਮਤ ਦਾ ਕੰਮ ਤਕਰੀਬਨ ਮੁਕੰਮਲ ਹੋਣ ਮਗਰੋਂ ਇਸ ਨੂੰ ਆਮ ਆਵਾਜਾਈ ਲਈ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲ ਨਵੰਬਰ ਦੇ ਆਖ਼ਰੀ ਹਫ਼ਤੇ ਲੋਕਾਂ ਲਈ ਪੂਰੀ ਤਰ੍ਹਾਂ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ, ਗੈਰ-ਕਾਨੂੰਨੀ ਖਣਨ ਕਾਰਨ ਨੁਕਸਾਨੇ ਗਏ ਇਸ ਪੁਲ ਦੇ ਬੰਦ ਰਹਿਣ ਕਾਰਨ ਇਲਾਕੇ ਦੇ ਲੋਕ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਪੁਲ ਬੰਦ ਹੋਣ ਕਾਰਨ ਨੰਗਲ ਤੋਂ ਨੂਰਪੁਰ ਬੇਦੀ ਜਾਂ ਰੂਪਨਗਰ ਜਾਣ ਵਾਲੇ ਲੋਕਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਲੰਘਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਤਕਰੀਬਨ 25 ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈਂਦਾ ਸੀ।
ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਦਾ ਆਪਸੀ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਂਦਾ ਸੀ। ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਮਹਿਲਾ ਮੁਲਾਜ਼ਮਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਦਿਲਚਸਪੀ ਲੈਂਦਿਆਂ ਪੰਜਾਬ ਸਰਕਾਰ ਰਾਹੀਂ 15.87 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਦੀ ਮੁਰੰਮਤ ਅਤੇ ਹੋਰ ਕੰਮ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪੁਲ ਦੀ ਮਹੱਤਤਾ ਨੂੰ ਦੇਖਦਿਆਂ ਉਸਾਰੀ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਦੇ ਯਤਨ ਕੀਤੇ ਗਏ ਹਨ। ਇਸ ਦਾ ਤਕਰੀਬਨ ਸਾਰਾ ਕੰਮ ਪੂਰਾ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪੁਲ ਆਵਾਜਾਈ ਲਈ ਖੁੱਲ੍ਹਣ ਨਾਲ ਨੰਗਲ, ਐਲਗਰਾਂ, ਕਲਵਾਂ ਮੋੜ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਘਟਣਗੀਆਂ।
ਗੈਰ-ਕਾਨੂੰਨੀ ਖਣਨ ਕਾਰਨ ਹੋਇਆ ਸੀ ਪੁਲ ਨੂੰ ਨੁਕਸਾਨ
ਰੂਪਨਗਰ (ਲਲਿਤ ਮੋਹਨ): ਰੂਪਨਗਰ ਜ਼ਿਲ੍ਹੇ ਵਿੱਚ ਸਵਾਂ ਨਦੀ ’ਤੇ ਬਣੇ ਐਲਗਰਾਂ ਪੁਲ ਦੇ ਨੁਕਸਾਨ ਦਾ ਮੁੱਖ ਕਾਰਨ ਨਦੀ ਦੇ ਤਲ ਵਿੱਚ ਸਾਲਾਂ ਤੋਂ ਹੋ ਰਹੀ ਅੰਨ੍ਹੇਵਾਹ ਰੇਤ ਦੀ ਖਣਨ ਨੂੰ ਮੰਨਿਆ ਗਿਆ ਸੀ। ਇਸ ਕਾਰਨ ਪੁਲ ਦੀਆਂ ਨੀਂਹਾਂ ਕਮਜ਼ੋਰ ਹੋ ਗਈਆਂ ਸਨ।
ਅਗਸਤ 2024 ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਸੌਂਪੀ ਗਈ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੁਲ ਦੇ ਆਲੇ-ਦੁਆਲੇ ਦੀ ਸਮੱਗਰੀ ਖੁਰਨ ਕਾਰਨ ਇਸ ਦੀਆਂ ਪੰਜ ਨੀਂਹਾਂ ਨੰਗੀਆਂ ਹੋ ਗਈਆਂ ਸਨ ਅਤੇ ਇੱਕ ਪਿੱਲਰ ਝੁਕ ਗਿਆ ਸੀ। ਰਿਪੋਰਟ ਅਨੁਸਾਰ, ਕਈ ਥਾਵਾਂ ’ਤੇ ਜੋੜਾਂ ਵਿਚਕਾਰ ਪਾੜੇ ਚੌੜੇ ਹੋ ਗਏ ਸਨ ਅਤੇ ਪੁਲ ਦੇ ਸਲੈਬ ਦੇ ਕੁਝ ਹਿੱਸੇ ਵੀ ਬੈਠ ਗਏ ਸਨ।